ਦਿੱਲੀ : ਰਾਜਧਾਨੀ ਦਿੱਲੀ ‘ਚ ਇਕ ਵਾਰ ਫਿਰ ‘ਸਮਾਗ’ (ਧੂੰਆਂ) ਵਾਪਿਸ ਆ ਗਿਆ ਹੈ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹਵਾ ਦੀ ਕੁਆਲਿਟੀ ਇੰਨੀ ਖ਼ਰਾਬ ਹੈ ਕਿ ਅੱਜ ਪੂਰੀ ਰਾਜਧਾਨੀ ਧੂੰਏਂ ਨਾਲ ਢਕੀ ਹੋਈ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਮੁਤਾਬਕ ਦਿੱਲੀ ਵਿੱਚ ਸਵੇਰੇ 6.30 ਵਜੇ ਸਮੁੱਚੀ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 251 ਦਰਜ ਕੀਤਾ ਗਿਆ ਸੀ। ਇਸ ਕਾਰਨ ਰਾਜਧਾਨੀ ਵਿੱਚ ਕੋਹਰੇ ਦਾ ਮਾਹੌਲ ਰਿਹਾ।’ ਪੂਰਬੀ ਦਿੱਲੀ ਵਿੱਚ ਵੀ ਅਜਿਹਾ ਹੀ ਮਾਹੌਲ ਰਿਹਾ। ਖਰਾਬ ਹਵਾ ਕਾਰਨ ਅਕਸ਼ਰਧਾਮ ਮੰਦਰ ਨੇੜੇ ਧੁੰਦ ਛਾਈ ਹੋਈ ਸੀ। ਇਸ ਦੇ ਨਾਲ ਹੀ ਲੋਕਾਂ ਨੂੰ ਵਾਹਨਾਂ ਦੀ ਆਵਾਜਾਈ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਕੁਝ ਦਿਨਾਂ ਤੋਂ ਰਾਜਧਾਨੀ ‘ਚ ਹਵਾ ਦੀ ਕੁਆਲਿਟੀ ਖਰਾਬ ਦਰਜ ਕੀਤੀ ਜਾ ਰਹੀ ਹੈ। ਬੀਤੀ ਸ਼ਾਮ ਯਾਨੀ ਸ਼ਨੀਵਾਰ ਨੂੰ ਰਾਜਧਾਨੀ ਵਿੱਚ ਕੁੱਲ AQI 266 ਸੀ। ਜੇ ਦਿੱਲੀ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਇੱਥੇ ਹਵਾ ਦੀ ਕੁਆਲਿਟੀ ਸਭ ਤੋਂ ਖ਼ਰਾਬ ਸੀ। ਇੱਥੇ AQI 327 ਸੀ। ਦੱਸ ਦੇਈਏ ਕਿ ਜ਼ੀਰੋ ਤੋਂ 50 ਵਿਚਕਾਰ AQI ਚੰਗਾ, 51 ਤੋਂ 100 ਤਸੱਲੀਬਖਸ਼, 101 ਅਤੇ 200 ਦਰਮਿਆਨਾ, 201 ਅਤੇ 300 ਮਾੜਾ, 301 ਅਤੇ 400 ਬਹੁਤ ਮਾੜਾ, ਸਭ ਤੋਂ ਹਾਈਏਸਟ ਜੇ ਪਹੁੰਚ ਜਾਏ ਯਾਨੀ 401 ਤੋਂ 500 ਦੇ ਵਿਚਕਾਰ ਸਥਿਤੀ ਖਰਾਬ ਅਤੇ ਚਿੰਤਾਜਨਕ ਹਨ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਹਵਾ ਪ੍ਰਦੂਸ਼ਣ ਕੰਟਰੋਲ ਲਈ 15 ਪੁਆਇੰਟ ਦੀ ਵਿੰਟਰ ਐਕਸ਼ਨ ਪਲਾਨ ਦੀ ਯੋਜਨਾ ਬਣਾਈ ਹੈ। ਇਸ ਸਕੀਮ ਤਹਿਤ ਧੂੜ ਪ੍ਰਦੂਸ਼ਣ, ਪਰਾਲੀ ਪ੍ਰਬੰਧਨ, ਖੁੱਲ੍ਹੇ ‘ਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਅਤੇ ਪਟਾਕਿਆਂ ਸਣੇ ਹੋਰ ਮੁੱਦਿਆਂ ਨਾਲ ਨਜਿੱਠਿਆ ਜਾਵੇਗਾ। ਇਸ ਦੇ ਨਾਲ ਹੀ ਅਕਤੂਬਰ ‘ਚ ਯੋਜਨਾ ਦੇ ਐਲਾਨ ਦੌਰਾਨ ਮੰਤਰੀ ਨੇ ਕਿਹਾ ਸੀ ਕਿ ਦਿੱਲੀ ‘ਚ 39 ਫੀਸਦੀ ਹਵਾ ਪ੍ਰਦੂਸ਼ਣ ਸਥਾਨਕ ਤੌਰ ‘ਤੇ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਦਾ ਕਾਰਨ ਨੇੜਲੇ ਇਲਾਕੇ ਵੀ ਹਨ। ਦਿੱਲੀ ਸਰਕਾਰ ਨੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ‘ਰੈੱਡ ਲਾਈਟ ਆਨ ਵਹੀਕਲ ਬੰਦ’ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਤਹਿਤ ਲੋਕ ਨੁਮਾਇੰਦੇ ਅਤੇ ਅਧਿਕਾਰੀ ਸਵਾਰੀਆਂ ਨੂੰ ਲਾਲ ਬੱਤੀ ’ਤੇ ਆਪਣੇ ਵਾਹਨ ਰੋਕਣ ਲਈ ਪ੍ਰੇਰਿਤ ਕਰਨਗੇ। ਇਸ ਤੋਂ ਇਲਾਵਾ ਗੁਆਂਢੀ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਸਰਦੀਆਂ ਵਿੱਚ ਪਰਾਲੀ ਸਾੜਨ ਨਾਲ ਵੀ ਰਾਜਧਾਨੀ ਦੀ ਹਵਾ ਦੀ ਕੁਆਲਿਟੀ ਪ੍ਰਭਾਵਿਤ ਹੁੰਦੀ ਹੈ।