ਨਵੀਂ ਦਿੱਲੀ, 12 ਸਤੰਬਰ 2024 : ਸੀਪੀਆਈ (ਐਮ) ਦੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ ਦਾ ਅੱਜ 72 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਾਹ ਦੀ ਸਹਾਇਤਾ 'ਤੇ ਰੱਖਿਆ ਗਿਆ ਸੀ। ਪਾਰਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਤਾਰਾਮ ਯੇਚੁਰੀ ਨੇ ਹਾਲ ਹੀ ਵਿੱਚ ਮੋਤੀਆਬਿੰਦ ਦਾ ਆਪਰੇਸ਼ਨ ਕਰਵਾਇਆ ਸੀ। 1975 ਵਿੱਚ ਵਿਦਿਆਰਥੀ ਆਗੂ ਵਜੋਂ ਉਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਸੀ। ਇਸ ਦੇ ਲਈ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਏਮਜ਼ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਯੇਚੁਰੀ ਦੀ ਮ੍ਰਿਤਕ ਦੇਹ ਏਮਜ਼ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ। ਏਮਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 72 ਸਾਲਾ ਸੀਤਾਰਾਮ ਯੇਚੁਰੀ ਨੂੰ 19 ਅਗਸਤ, 2024 ਨੂੰ ਨਿਮੋਨੀਆ ਨਾਲ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ 12 ਸਤੰਬਰ 2024 ਨੂੰ ਦੁਪਹਿਰ 3:05 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਸਿੱਖਿਆ ਅਤੇ ਖੋਜ ਦੇ ਉਦੇਸ਼ਾਂ ਲਈ ਏਮਜ਼ ਦਿੱਲੀ ਨੂੰ ਦਾਨ ਕਰ ਦਿੱਤੀ ਹੈ। ਏਮਜ਼ ਦੇ ਸੂਤਰਾਂ ਮੁਤਾਬਕ ਫੇਫੜਿਆਂ ਦੀ ਲਾਗ ਅਤੇ ਮਲਟੀ-ਆਰਗਨ ਫੇਲ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੀਤਾਰਾਮ ਯੇਚੁਰੀ ਦੀ ਮ੍ਰਿਤਕ ਦੇਹ ਅੱਜ ਵੀਰਵਾਰ ਨੂੰ ਉਨ੍ਹਾਂ ਦੇ ਘਰ (ਵਸੰਤ ਕੁੰਜ ਨਿਵਾਸ) ਲਿਜਾਈ ਜਾਵੇਗੀ। ਇਸ ਤੋਂ ਬਾਅਦ ਭਲਕੇ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਪਾਰਟੀ ਦਫ਼ਤਰ ਵਿਖੇ ਅੰਤਿਮ ਦਰਸ਼ਨ ਦੀ ਯੋਜਨਾ ਬਣਾਈ ਜਾ ਰਹੀ ਹੈ। ਏਮਜ਼ ਪ੍ਰਸ਼ਾਸਨ ਦੇ ਬਿਆਨ ਮੁਤਾਬਕ ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਵਾਪਸ ਏਮਜ਼ ਨੂੰ ਸੌਂਪ ਦਿੱਤਾ ਜਾਵੇਗਾ।