ਛੱਤੀਸਗੜ੍ਹ 'ਚ ਜ਼ਹਿਰੀਲੀ ਮਹੂਆ ਸ਼ਰਾਬ ਪੀਣ ਨਾਲ ਸਰਪੰਚ ਦੇ ਭਰਾ ਸਮੇਤ 7 ਦੀ ਮੌਤ, 4 ਦੀ ਹਾਲਤ ਗੰਭੀਰ 

ਬਿਲਾਸਪੁਰ, 8 ਫਰਵਰੀ, 2025 : ਛੱਤੀਸਗੜ੍ਹ ਦੇ ਬਿਲਾਸਪੁਰ ਦੇ ਕੋਨੀ ਥਾਣਾ ਖੇਤਰ ਦੇ ਪਿੰਡ ਲੋਫੰਡੀ 'ਚ ਜ਼ਹਿਰੀਲੀ ਮਹੂਆ ਸ਼ਰਾਬ ਪੀਣ ਨਾਲ ਤਿੰਨ ਦਿਨਾਂ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੰਭੀਰ ਮਰੀਜ਼ਾਂ ਨੂੰ ਇਲਾਜ ਲਈ ਸਿਮਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸੋਗ ਅਤੇ ਗੁੱਸੇ ਦੀ ਲਹਿਰ ਹੈ। ਪਿੰਡ ਵਾਸੀ ਲਗਾਤਾਰ 3 ਦਿਨਾਂ ਤੋਂ ਮਹੂਆ ਸ਼ਰਾਬ ਪੀ ਰਹੇ ਸਨ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਪਿੰਡ ਵਾਸੀਆਂ ਵੱਲੋਂ ਮਹੂਆ ਸ਼ਰਾਬ ਪੀਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਰਾਬ ਦੇ ਨਿਰਮਾਣ ਅਤੇ ਵਿਕਰੀ ਵਿੱਚ ਇੱਕ ਵੱਡੇ ਗਿਰੋਹ ਦੀ ਭੂਮਿਕਾ ਦਾ ਸ਼ੱਕ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਅੱਡਿਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਦਰਦਨਾਕ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਨਾਜਾਇਜ਼ ਸ਼ਰਾਬ ’ਤੇ ਕਾਬੂ ਪਾਉਣ ਲਈ ਪਹਿਲਾਂ ਹੀ ਸਖ਼ਤ ਕਦਮ ਚੁੱਕਣੇ ਚਾਹੀਦੇ ਸਨ। ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਰਪੰਚ ਰਾਮਧਨ ਸੁੰਹਾਲੇ ਦਾ ਭਰਾ ਰਾਮੂ ਸੁੰਹਾਲੇ ਵੀ ਜ਼ਹਿਰੀਲੀ ਸ਼ਰਾਬ ਪੀਣ ਵਿੱਚ ਸ਼ਾਮਲ ਹੈ। ਸਿਮਸ ਵਿਖੇ ਇੱਕ ਲਾਸ਼ ਲਿਆਂਦੀ ਗਈ ਹੈ। 4 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਡੱਲੂ ਪਟੇਲ, ਸ਼ਤੂਰਾਹਨ ਦੇਵਾਂਗਨ, ਕਨ੍ਹਈਆ ਪਟੇਲ, ਕੋਮਲ ਲਹਿਰੇ, ਬਲਦੇਵ ਪਟੇਲ, ਕੋਮਲ ਦੇਵਾਂਗਨ ਉਰਫ ਨਾਨੂ, ਰਾਮੂ ਸੁਨਹਾਲੇ ਵਜੋਂ ਹੋਈ ਹੈ। ਪੁਲਸ ਅਤੇ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।