ਸਾਨੂੰ ਆਪਣੇ ਬਜ਼ੁਰਗਾਂ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ: ਸਿਵਲ ਸਰਜਨ

  • ਸਿਵਲ ਹਸਪਤਾਲ ਵਿਖੇ ਵਿਸ਼ਵ ਬਜੁਰਗ ਦੁਰ-ਵਿਵਹਾਰ ਜਾਗਰੂਕਤਾ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 16 ਜੂਨ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਜਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਵ ਬਜੁਰਗ ਦੁਰ-ਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਗਿਆ । ਜਿਸ ਵਿੱਚ ਬਜ਼ੁਰਗਾਂ ਦੇ ਮਾਣ ਸਨਮਾਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਦੁਨੀਆ ਵਿੱਚ ਹਰ ਸਾਲ 15 ਜੂਨ ਨੂੰ ਵਿਸ਼ਵ ਬਜੁਰਗ ਦੁਰ-ਵਿਵਹਾਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਬਜੁਰਗਾ ਦੇ ਨਾਲ ਹੋਣ ਵਾਲੇ ਦੁਰ-ਵਿਵਹਾਰ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰਨਾ ਉਨ੍ਹਾ ਨੂੰ ਜਾਗਰੂਕ ਕਰਨਾ ਅਤੇ ਇਸ ਨੂੰ ਰੋਕਣ ਦੇ ਯਤਨ ਕਰਨਾ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਬਜੁਰਗਾ ਨਾਲ ਦੁਰ-ਵਿਵਹਾਰ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਡਾ: ਦਵਿੰਦਰਜੀਤ ਕੌਰ ਕਿਹਾ ਕਿ ਸਾਨੂੰ ਬਜੁਰਗਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਬਜੁਰਗ ਘਰ ਦੀ ਨੀਂਹ ਹੁੰਦੇ ਹਨ। ਸਾਨੂੰ ਬਜੁਰਗ ਵਿਅਕਤੀਆਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਸਨਮਾਣ ਨਾਲ ਜੀਣ ਦਾ ਹਰ ਇੱਕ ਨਾਗਰਿਕ ਦਾ ਬੁਨਿਆਦੀ ਅਧਿਕਾਰ ਹੈ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਅੱਜ-ਕੱਲ੍ਹ ਬਜੁਰਗਾ ਦੇ ਪ੍ਰਤੀ ਦੁਰ-ਵਿਵਹਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਤੇ ਬਜੁਰਗਾਂ ਨੂੰ ਸਰੀਰਕ, ਮਾਨਸਿਕ ਪੀੜ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾ ਕਿਹਾ ਕਿ ਇਸ ਉਮਰ ਵਿੱਚ ਸਿਰਫ ਦਵਾਈਆਂ ਅਤੇ ਭੋਜਨ ਹੀ ਉਨ੍ਹਾ ਬਜੁਰਗਾ ਦੀ ਜਰੂਰਤ ਨਹੀਂ ਹੁੰਦੀ ਬਲਕਿ ਸਨਮਾਨ ਦੀ ਵੀ ਜਰੂਰਤ ਹੁੰਦੀ ਹੈ। ਸਾਨੂੰ ਬਜੁਰਗਾ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ।  ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਰਨੈਲ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ,  ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਮਰਜੀਤ ਸਿੰਘ ਅਤੇ ਆਮ ਲੋਕ ਹਾਜਰ ਸਨ।