- ਬਿਊਰੋ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ
ਮੋਗਾ, 14 ਜੂਨ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰਾਂ ਦੀ ਵਿਜ਼ਟ ਕਰਵਾਈ ਜਾ ਰਹੀ ਹੈ ਤਾਂ ਕਿ ਉਹ ਹੁਣੇ ਤੋਂ ਹੀ ਆਪਣੀ ਇੱਛਾ ਅਨੁਸਾਰ ਸਹੀ ਖੇਤਰ ਦੀ ਚੋਣ ਕਰ ਸਕਣ। ਇਸੇ ਦੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਪਾਂਡੋ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਕਾਰੋਬਾਰ ਬਿਊਰੋ ਮੋਗਾ ਦਾ ਦੌਰਾ ਕੀਤਾ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇੱਛਾ ਸ਼ਕਤੀ ਅਤੇ ਯੋਗਤਾ ਦੇ ਅਨੁਸਾਰ ਉਨ੍ਹਾਂ ਨੂੰ ਕਿਹੜੇ ਖੇਤਰ ਵਿੱਚ ਵਧੀਆ ਰੋਜ਼ਗਾਰ ਮਿਲਣ ਦੀਆਂ ਸੰਭਾਵਨਾਵਾਂ ਵਧੇਰੇ ਹਨ, ਬਾਰੇ ਵਿਦਿਆਰਥੀਆਂ ਨਾਲ ਵਿਚਾਰ ਚਰਚਾਵਾਂ ਬਿਊਰੋ ਵਿਖੇ ਮਾਹਿਰ ਸਟਾਫ਼ ਜਰੀਏ ਕੀਤੀਆਂ ਗਈਆਂ। ਦਸਵੀਂ ਅਤੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪੰਜਾਬ ਸਰਕਾਰ ਦੀ ਇੱਕ ਵਿਲੱਖਣ ਪਹਿਲਕਦਮੀ ਹੈ। ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਨੂੰ ਵਧੀਆ ਰੋਜ਼ਗਾਰ ਹਾਸਲ ਕਰਕੇ ਕਾਮਯਾਬ ਹੋਣ ਵਿੱਚ ਮੱਦਦ ਮਿਲੇਗੀ। ਇਸ ਦੌਰੇ ਦੌਰਾਨ ਬਿਊਰੋ ਦੇ ਕਰੀਅਰ ਕਾਊਂਸਲਰ ਸ੍ਰੀ ਬਲਰਾਜ ਸਿੰਘ ਖਹਿਰਾ ਵੱਲੋਂ ਭਵਿੱਖ ਵਿੱਚ ਰੁਚੀ ਅਤੇ ਰੋਜ਼ਗਾਰ ਦੀਆਂ ਵੱਧ ਸੰਭਾਵਾਨਾਂ ਵਾਲੇ ਖੇਤਰਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਰੋਜ਼ਗਾਰ ਹਾਸਲ ਕਰਨ ਦੀ ਸੋਚ ਨਹੀਂ, ਸਗੋਂ ਅਜਿਹੀ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ ਕਿ ਉਹ ਕਿਸੇ ਖਾਸ ਖੇਤਰ ਵਿੱਚ ਅਜਿਹੀ ਸਫ਼ਲਤਾ ਹਾਸਲ ਕਰਨਗੇ ਕਿ ਹੋਰਨਾਂ ਲਈ ਰੋਜ਼ਗਾਰ ਦਾ ਜਰੀਆ ਬਣਨਗੇ।