ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 27 ਕੁਇੰਟਲ ਚੂਰਾ ਪੋਸਤ ਤੇ ਕੈਂਟਰ ਸਮੇਤ 02 ਨੌਜਵਾਨਾਂ ਨੂੰ ਕੀਤਾ ਕਾਬੂ 

ਸ੍ਰੀ ਮੁਕਤਸਰ ਸਾਹਿਬ, 12 ਫਰਵਰੀ 2025 : ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਵੱਲੋਂ ਇੱਕ ਕੈਂਟਰ ਵਿੱਚੋਂ 27 ਕੁਇੰਟਲ ਡੋਡੇ (ਚੂਰਾ ਪੋਸਤ) ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਤੁਸ਼ਾਰ ਗੁਪਤਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਸੀਆਈਏ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਝਾਰਖੰਡ ਤੋਂ ਡੋਡੇ (ਚੂਰਾ ਪੋਸਤ) ਲੈ ਕੇ ਆ ਰਹੇ ਹਨ। ਜਿਸ ਤੇ ਸੀਆਈਏ ਟੀਮ ਸਤਰਕ ਹੋ ਗਈ ਅਤੇ ਦਾਣਾ ਮੰਡੀ ਪਿੰਡ ਔਲਖ ਵਿਖੇ ਖੜ੍ਹੇ ਇੱਕ ਕੈਂਟਰ ਦੀ ਤਲਾਸੀ ਲਈ ਤਾਂ ਉਸ ਵਿੱਚੋਂ 90 ਗੱਟੂ ਡੋਡੇ ਬਰਾਮਦ ਹੋਏ, ਜਿਸ ਦਾ ਕੁੱਲ ਭਾਰ 27 ਕੁਇੰਟਲ ਬਣਦਾ ਹੈ। ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਉਹ ਕੈਂਟਰ ਵੀ ਕਬਜ਼ੇ ਵਿੱਚ ਲੈ ਲਿਆ ਹੈ ਜਿਸ ਵਿੱਚ ਇਹ ਨਸ਼ਾ ਲਿਆਂਦਾ ਗਿਆ ਸੀ।ਮੁਲਜ਼ਮਾਂ ਦੀ ਪਛਾਣ ਮਨਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਦਾਨੇਵਾਲਾ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਕਾਲਾ ਸਿੰਘ ਵਾਸੀ ਵਾਰਡ ਨੰਬਰ 9 ਪਿਉਰੀ ਰੋਡ ਗਿੱਦੜਬਾਹਾ ਵਜੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਨਸ਼ਾ ਬਰਾਮਦਗੀ ਸਬੰਧੀ ਥਾਣਾ ਸਦਰ ਮਲੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਹੁਣ ਰਿਮਾਂਡ ਲੈਣ ਤੋਂ ਬਾਅਦ ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕਰੇਗੀ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਮੌਕੇ ਏ. ਐਸ. ਆਈ ਬਿੰਦਰਪਾਲ ਏ.ਐਸ.ਸੀ ਜਲੰਧਰ ਸਿੰਘ, ਸਿਪਾਹੀ ਮਨਪ੍ਰੀਤ ਸਿੰਘ, ਰਚਨਦੀਪ ਸਿੰਘ ਏ.ਐਸ. ਆਈ ਬਲਦੇਵ ਸਿੰਘ ਅਤੇ ਹੌਲਦਾਰ ਜਗਰੂਪ ਸਿੰਘ, ਹੈਡ ਕਾਂਸਟੇਬਲ ਪਰਮਜੀਤ ਸਿੰਘ, ਏਐਸਆਈ ਬਚਿੱਤਰ ਸਿੰਘ ਅਤੇ ਸੀ.ਆਈ.ਏ ਸਟਾਫ ਮੁਲਾਜ਼ਮ, ਹਾਜ਼ਰ ਸਨ।