ਮਾਛੀਵਾੜਾ ਨੇੜੇ ਸਰਹਿੰਦ ਨਹਿਰ ਵਿੱਚ ਡਿੱਗੀ ਸਕਾਰਪੀਓ, ਇੱਕ ਦੀ ਮੌਤ, ਕਈ ਜਖ਼ਮੀ

ਮਾਛੀਵਾੜਾ ਸਾਹਿਬ, 12 ਫਰਵਰੀ 2025 : ਮਾਛੀਵਾੜਾ ਨੇੜੇ ਸਰਹਿੰਦ ਨਹਿਰ ਵਿੱਚ ਇੱਕ ਮਜ਼ਦੂਰਾਂ ਨਾਲ ਭਰੀ ਗੱਡੀ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਇੱਕ ਦੀ ਮੌਤ ਅਤੇ ਕਈ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਕਾਰਪੀਓ ਗੱਡੀ ‘ਚ ਸਵਾਰ ਵਿਅਕਤੀ ਪਿੰਡ ਅਲੀਕੇ ਦੇ ਵਾਸੀ ਸਨ, ਜੋ ਖੇਤਾਂ ਵਿੱਚ ਪਾਇਪਾਂ ਪਾਉਣ ਦਾ ਕੰਮ ਕਰਦੇ ਹਨ, ਜੋ ਬਠਿੰਡਾ ਤੋਂ ਰੋਪੜ ਨੂੰ ਜਾ ਰਹੇ ਸਨ, ਜਦੋਂ ਉਹ ਮਾਛੀਵਾੜਾ ਦੇ ਪਵਾਤ ਪੁਲ ਨਜ਼ਦੀਕ ਪੁੱਜੇ ਤਾਂ ਸਕਾਰਪੀਓ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਸਰਹਿੰਦ ਨਹਿਰ ਵਿੱਚ ਡਿੱਗ ਗਈ। ਗੱਡੀ ‘ਚ ਸਵਾਰ ਵਿਅਕਤੀਆਂ ਨੇ ਗੱਡੀ ਦੇ ਸੀਸੇ ਤੋੜ ਕੇ ਬਾਹਰ ਨਿਕਲ ਦੀ ਕੋਸ਼ਿਸ਼ ਕੀਤੀ ਤੇ ਰੌਲਾ ਪਾਇਆ। ਰੌਲਾ ਸੁਣ ਕੇ ਸੜਕ ਤੋਂ ਲੰਘ ਰਹੇ ਇੱਕ ਸਾਬਕਾ ਫੌਜੀ ਹਰਜਿੰਦਰ ਸਿੰਘ ਨੇ ਉਕਤ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਘਟਨਾਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਇੰਸਪੈਕਟਰ ਹਰਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਨਹਿਰ ਵਿੱਚੋਂ ਜਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਇਸ ਸਬੰਧੀ ਜਦੋਂ ਇੰਸਪੈਕਟਰ ਹਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਪਿੰਡ ਆਲੀਕੇ (ਬਠਿੰਡਾ) ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜਖ਼ਮੀ ਹੋ ਗਏ ਹਨ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸ਼ਾਂ ਨੂੰ ਸੌਂਪ ਦਿੱਤੀ ਹੈ।ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਸਾਬਕਾ ਫੌਜੀ ਆਪਣੇ ਪਰਿਵਾਰ ਸਮੇਤ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਤੇ ਸਕਾਰਪੀਓ ਗੱਡੀ ਉਨ੍ਹਾਂ ਦੇ ਅੱਗੇ ਜਾ ਰਹੀ ਸੀ, ਜਦੋਂ ਉਨ੍ਹਾਂ ਨੂੰ ਅੱਗੇ ਜਾਂਦੀ ਗੱਡੀ ਨਾ ਦਿਖਾਈ ਦਿੱਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਗੱਡੀ ਨਹਿਰ ਵਿੱਚ ਡਿੱਗ ਗਈ, ਜਦੋਂ ਉਨ੍ਹਾਂ ਨੇ ਨਹਿਰ ਵਿੱਚ ਦੇਖਿਆ ਤਾਂ ਸਕਾਰਪੀਓ ਸਵਾਰ ਬਚਾਓ ਬਚਾਓ ਦਾ ਰੌਲਾ ਪਾ ਰਹੇ ਸਨ, ਤਾਂ ਫੌਜੀ ਹਰਜਿੰਦਰ ਸਿੰਘ ਨੇ ਆਪਣੇ ਦੋਵੇਂ ਪੁੱਤਰਾਂ ਨੂੰ  ਨਹਿਰ ਵਿੱਚ ਉਤਾਰਿਆ ਅਤੇ ਗੱਡੀ ਦੇ ਸੀਸੇ ਭੰਨ ਕੇ ਸਕਾਰਪੀਓ ਸਵਾਰ ਲੋਕਾਂ ਨੂੰ ਬਚਾਇਆ ਗਿਆ।