ਸਲਾਬਤਪੁਰਾ 'ਚ ਚੱਲ ਰਹੀ ਪ੍ਰੇਮੀਆਂ ਦੀ ਸਤਸੰਗ ਦਾ ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤਾ ਵਿਰੋਧ

ਬਠਿੰਡਾ : ਸਲਾਬਤਪੁਰਾ ਵਿੱਚ ਚੱਲ ਰਹੀ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਸਤਸੰਗ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁਨ ਪਹੁੰਚ ਗਏ। ਇੱਥੇ ਉਨ੍ਹਾਂ ਡੇਰੇ ਵਿੱਚ ਜਾ ਰਹੀ ਬੱਸ ਅੱਗੇ ਲੇਟ ਕੇ ਵਿਰੋਧ ਕੀਤਾ। ਪਿੰਡ ਜਲਾਲ ਦੇ ਬੱਸ ਸਟੈਂਡ ਨਜ਼ਦੀਕ ਵੱਡੀ ਗਿਣਤੀ ਵਿੱਚ ਪੁੱਜ ਰਹੀਆਂ ਡੇਰਾ ਪ੍ਰੇਮੀਆਂ ਦੀਆਂ ਬੱਸਾਂ ਨੂੰ ਰੋਕਿਆ ਗਿਆ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਅੱਜ ਸਿਰਸਾ ਵਾਲੇ ਸਾਧ ਦੀ ਲਾਈਵ ਸਤਸੰਗ ਹੋ ਰਹੀ ਹੈ। ਗੰਭੀਰ ਦੋਸ਼ਾਂ ਤਹਿਤ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਸਾਡੇ ਬੰਦੀ ਸਿੰਘਾਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਇੱਕੋ ਮੰਗ ਇਹ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਵਿੱਚ ਡੱਕਿਆ ਜਾਵੇ। ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਨੇ ਕਿਹਾ ਕਿ ਅੱਜ ਜੋ ਜਾਮ ਲਾਇਆ ਗਿਆ ਸੀ, ਉਸ ਵਿੱਚ ਕਿਸੇ ਹੋਰ ਨੂੰ ਨਹੀਂ ਰੋਕਿਆ ਗਿਆ। ਇਸ ਦੌਰਾਨ ਸਾਰਾ ਟ੍ਰੈਫਿਕ ਚੱਲਦਾ ਰਿਹਾ। ਕਿਸੇ ਐਂਬੂਲੈਂਸ ਨਹੀਂ ਰੋਕਿਆ ਗਿਆ। ਕਿਸੇ ਹੋਰ ਬੱਸ ਨੂੰ ਨਹੀਂ ਰੋਕਿਆ ਗਿਆ।