ਸੀਨੀਅਰ ਸੈਕੈਂਡਰੀ ਸਰਕਾਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਸੈਮੀਨਾਰ ਲੱਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਕੀਤਾ ਜਾਗਰੂਕ

ਫਾਜ਼ਿਲਕਾ, 12 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਦੇਸ਼ਾਂ *ਤੇ ਜ਼ਿਲੇਹ ਅੰਦਰ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸੀਨੀਅਰ ਸੈਕੈਂਡਰੀ ਸਰਕਾਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਸੈਮੀਨਾਰ ਲੱਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਕੀਤਾ ਗਿਆ। ਟਰੈਫਿਕ ਇੰਚਾਰਜ ਫਾਜ਼ਿਲਕਾ ਦੇ ਏਐਸਆਈ ਪਵਨ ਕੁਮਾਰ ਨੇ ਕਿਹਾ ਕਿ ਬਚਿਆਂ ਨੂੰ ਹੁਣੇ ਤੋਂ ਹੀ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਹੋਵੇਗੀ ਤਾਂ ਉਹ ਸੜਕਾਂ *ਤੇ ਚਲਣ ਸਮੇਂ ਸਾਵਧਾਨੀਆਂ ਦੀ ਵਰਤੋਂ ਕਰਨਗੇ ਤੇ ਸੜਕੀ ਹਾਦਸਿਆਂ ਤੋ ਬਚ ਸਕਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਕਿਹਾ ਕਿ ਛੋਟੀ ਉਮਰੇ ਵਹੀਕਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ, 18 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਹੀ ਵਹੀਕਲ ਨੂੰ ਚਲਾਉਣਾ ਚਾਹੀਦਾ ਹੈ ਅਤੇ ਲਾਇਸੰਸ ਬਣਾਉਣ ਤੋਂ ਬਾਅਦ ਹੀ ਵਹੀਕਲ ਨੂੰ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਆਲੇ-ਦੁਆਲੇ, ਮਾਪਿਆਂ, ਰਿਸ਼ਤੇਦਾਰਾਂ ਨੂੰ ਵੀ ਸੜਕੀ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਵਹੀਕਲ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਵਹੀਕਲ ਚਲਾਉਂਦੇ ਸਮੇਂ ਸੀਟ ਬੈਲਟ ਅਤੇ ਹੈਲਮੈਟ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਤਾਂ ਜੋ ਕਿ ਦੁਰਘਟਨਾ ਹੋਣ *ਤੇ ਜਾਨ-ਮਾਲ ਤੋਂ ਬਚਿਆ ਜਾ ਸਕੇ। ਸੜਕ ਸੁਰਖਿਆ ਮੁਹਿੰਮ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਪ੍ਰੇਰਿਤ ਕੀਤਾ ਗਿਆ। ਸਮਾਜ ਸੇਵੀ ਸੰਜੀਵ ਮਾਰਸ਼ਲ ਨੇ ਸੰਬੋਧਨ ਦੌਰਾਨ ਕਿਹਾ ਕਿ ਵਿਦਿਆਰਥੀ ਵਰਗ ਤੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣਾ ਧਿਆਨ ਖੇਡਾਂ ਵੱਲ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਖੇਡਾਂ ਖੇਡਣ ਨਾਲ ਸ਼ਰੀਰਕ ਪੱਖੋਂ ਤੇ ਮਾਨਸਿਕ ਪਖੋਂ ਮਜਬੂਤੀ ਮਿਲਦੀ ਹੈ ਤੇ ਮਾੜੀਆਂ ਕੁਰੀਤੀਆਂ ਵੱਲ ਜਾਣ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਿਪਟੀ ਡੀ.ਈ.ਓ ਪੰਕਜ ਅੰਗੀ, ਏਐਸਆਈ ਮਲਕੀਤ ਸਿੰਘ ਟਰੈਫਿਕ ਸਟਾਫ਼ ਫ਼ਾਜ਼ਿਲਕਾ ਅਤੇ ਏਐਸਆਈ ਬਲਦੇਵ ਸਿੰਘ ਇੰਚਾਰਜ ਸਾਂਝ ਕੇਂਦਰ ਆਦਿ ਸਟਾਫ ਮੌਜੂਦ ਸੀ।