ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਨੇ ਜਿਲ੍ਹਾ ਫਾਜਿਲਕਾ ਵਿੱਚ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

  • ਸੜਕ ਹਾਦਸਿਆਂ ਦਾ ਸ਼ਿਕਾਰ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਜਾਨ ਬਚਾਉਣ ਵਿਚ ਲਾਹੇਵੰਦ ਹੋਣਗੀਆਂ ਐਸ.ਐਸ.ਐਫ.

ਫਾਜ਼ਿਲਕਾ, 12 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਿਕ ਪੂਰੇ ਪੰਜਾਬ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ (ਐਸ.ਐਸ. ਐਫ.) ਤਾਇਨਾਤ ਕੀਤੀ ਗਈ ਹੈ। ਇਸ ਸੜਕ ਸੁਰੱਖਿਆ ਫੋਰਸ ਨੂੰ ਵਿਸ਼ੇਸ਼ ਕਿਸਮ ਦੀਆਂ ਗੱਡੀਆਂ ਅਤੇ ਪੁਲਿਸ ਫੋਰਸ ਨੂੰ ਲੋੜੀਂਦੇ ਸਾਜੋ ਸਮਾਨ ਨਾਲ ਲੈਸ ਕਰਕੇ ਇੱਕ ਵੱਖਰੀ ਪਹਿਚਾਣ ਦੇ ਕੇ ਪੰਜਾਬ ਦੇ ਸਾਰੇ ਮੁੱਖ ਹਾਈਵੇ ਤੇ ਤਾਇਨਾਤ ਕੀਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ, ਪੀ.ਪੀ.ਐਸ ਕਪਤਾਨ ਪੁਲਿਸ (ਸਥਾਨਿਕ) ਫਾਜਿਲਕਾ ਸ੍ਰੀ ਰਮਨੀਸ਼ ਕੁਮਾਰ ਅਤੇ ਪੀ.ਪੀ.ਐਸ, ਐਸ.ਪੀ. ਓਪ੍ਰੇਸ਼ਨ ਫਾਜਿਲਕਾ ਸ੍ਰੀ ਕਰਨਵੀਰ ਸਿੰਘ ਵੱਲੋਂ ਜਿਲ੍ਹਾ ਫਾਜਿਲਕਾ ਵਿੱਚ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਹ ਗੱਡੀਆਂ ਜਿਲ੍ਹਾ ਫਾਜਿਲਕਾ ਦੇ ਮੁੱਖ ਰੂਟਾਂ ਜਿਵੇਂ ਕਿ ਫਾਜਿਲਕਾ ਤੋਂ ਅਮੀਰਖਾਸ, ਫਾਜਿਲਕਾ ਤੋਂ ਅਰਨੀ ਵਾਲਾ, ਫਾਜਿਲਕਾ ਤੋਂ ਅਬੋਹਰ, ਫਾਜਿਲਕਾ ਤੋਂ ਸਾਦਕੀ ਬਾਰਡਰ, ਅਬੋਹਰ ਤੋਂ ਮਲੋਟ ਵਾਇਆ ਸੀਤੋਗੁਨੋ ਅਤੇ ਅਬੋਹਰ ਤੋਂ ਸ੍ਰੀ ਗੰਗਾਨਗਰ ਰੋਡ ਤੇ 24 ਘੰਟੇ ਤਾਇਨਾਤ ਰਹਿਣਗੀਆਂ, ਤਾਂ ਕਿ ਸੜਕਾਂ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਪੁਲਿਸ ਐਮਰਜੈਂਸੀ ਹੈਲਪਲਾਈਨ ਨੰਬਰ 112 ਡਾਇਲ ਕਰਕੇ ਸੜਕ ਹਾਦਸੇ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਦੇ ਸਕਦਾ ਹੈ, ਤਾਂ ਕਿ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਹਨਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।