ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੇ ਫ਼ਾਨੀ ਦੁਨਿਆ ਨੂੰ ਕਿਹਾ ਅਲਵਿਦਾ 

ਲੁਧਿਆਣਾ, 26 ਜੁਲਾਈ : ਪੰਜਾਬੀ ਫ਼ਿਲਮੀ ਅਦਾਕਾਰ ਅਤੇ ਇੱਕ ਸੁਰੀਲੀ ਆਵਾਜ਼ ਦੇ ਮਾਲਿਕ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਅੱਜ ਸਵੇਰੇ ਇਸ ਫ਼ਾਨੀ ਦੁਨਿਆ ਨੂੰ ਅਲਵਿਦਾ ਕਹਿ ਗਏ ।ਓਹ ਪਿੱਛਲੇ ਕਾਫੀ ਦਿਨਾਂ ਤੋਂ ਡੀ.ਐਮ.ਸੀ ਹਸਪਤਾਲ਼ ਵਿੱਚ ਦਾਖਲ ਸਨ। ਉੱਘੇ ਲੇਖਕ ਅਤੇ ਸੁਰਿੰਦਰ ਛਿੰਦਾ ਦੇ ਨਜ਼ਦੀਕੀ ਦੋਸਤ ਗੁਰਭਜਨ ਗਿੱਲ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੇ ਜਾਣ ਨਾਲ ਪੰਜਾਬੀ ਸੱਭਿਆਚਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਹਨਾਂ ਦੱਸਿਆ ਕਿ ਸੁਰਿੰਦਰ ਛਿੰਦਾ ਨੇ ਸਵੇਰੇ 6.30 ਵਜੇ ਅਤਿੰਮ ਸਾਹ ਲਏ । 

ਕੈਬਨਿਟ ਮੰਤਰੀ ਮਾਨ ਨੇ ਗਾਇਕ ਛਿੰਦਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ 
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਬੁੱਧਵਾਰ ਨੂੰ ਪ੍ਰਸਿੱਧ ਅਤੇ ਮਹਾਨ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 70 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਆਪਣੇ ਸ਼ੋਕ ਸੰਦੇਸ਼ ਵਿੱਚ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੁਰਿੰਦਰ ਛਿੰਦਾ ਇੱਕ ਬੇਮਿਸਾਲ ਗਾਇਕ ਸਨ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਇੱਕ ਅਦੁੱਤੀ ਥਾਂ ਹਾਸਲ ਕੀਤੀ। ਉਹ ਆਪਣੇ ਸੁਰੀਲੇ ਤੇ ਸਦਾਬਹਾਰ ਗੀਤਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਵਸਦੇ ਰਹਿਣਗੇ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਮੰਤਰੀ ਅਨਮੋਲ ਗਗਨ ਮਾਨ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।