- 3 ਜੁਲਾਈ ਤੋਂ ਡੇਅਰੀ ਸਿਖਲਾਈ ਦਾ ਨਵਾਂ ਬੈਂਚ ਸ਼ੁਰੂ
- ਸਿਖਲਾਈ ਕੇਂਦਰਾਂ ਤੇ 28 ਜੂਨ ਨੂੰ ਹੋਵੇਗੀ ਯੋਗ ਲਾਭਪਾਤਰੀਆਂ ਦੀ ਚੋਣ
ਫਾਜ਼ਿਲਕਾ 16 ਜੂਨ : ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ ਦੀ ਗਤੀਸ਼ੀਲ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਪੰਜਾਬ ਕਿਸਾਨਾਂ ਨੂੰ ਡੇਅਰੀ ਵਿਕਾਸ ਬੋਰਡ ਤੋਂ 4 ਹਫਤੇ ਦੀ ਡੇਅਰੀ ਉੱਦਮ ਸਿਖਲਾਈ ਕਰਵਾਏਗਾ ਤਾਂ ਜੋ ਸਾਡੇ ਨੌਜਵਾਨ ਡੇਅਰੀ ਦੇ ਸਹਾਇਕ ਕਿੱਤੇ ਨੂੰ ਅਪਣਾ ਸਕਣ ਅਤੇ ਰਾਜ ਦੇ ਖੇਤੀ ਅਰਥਚਾਰੇ ਨੂੰ ਹੋਰ ਹੁੰਘਾਰਾ ਮਿਲ ਸਕੇ। ਇਹ ਜਾਣਕਾਰੀ ਸ. ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਨੇ ਦਿੱਤੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਚਾਰ ਹਫਤੇ ਦਾ ਨਵਾਂ ਬੈਚ 03 ਜੁਲਾਈ 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਖਲਾਈ ਪ੍ਰਾਪਤ ਕਰਕੇ ਡੇਅਰੀ ਫਾਰਮਿੰਗ ਦਾ ਕਿੱਤਾ ਵਪਾਰਕ ਪੱਧਰ ਤੇ ਕਰਨ ਤਾਂ ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਖੁੱਡੀਆਂ ਨੇ ਕਿਹਾ ਕਿ ਇਹ ਸਿਖਲਾਈ ਪ੍ਰਾਪਤ ਕਰਨ ਦੇ ਇੱਛੁਕ ਨੌਜਵਾਨ ਪ੍ਰਾਸਪੈਕਟ ਫਾਰਮ ਡੇਅਰੀ ਵਿਕਾਸ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਦੇ ਦਫਤਰ ਤੋ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਬਾਅਦ ਪ੍ਰਾਰਥੀ ਪ੍ਰਾਸਪੈਕਟ ਵਿੱਚ ਨੱਥੀ ਬਿਨੈ ਪੱਤਰ ਮੁਕੰਮਲ ਕਰਕੇ ਅਤੇ ਸਬੰਧਿਤ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਤੋਂ ਤਸਦੀਕ ਕਰਵਾਕੇ ਆਪਣੇ ਪਹਿਲੇ ਤਰਜੀਹੀ ਸਿਖਲਾਈ ਕੇਂਦਰ ਤੇ ਜਮ੍ਹਾਂ ਕਰਵਾਉਣ ਜਾਂ ਕਾਊਂਸਲਿੰਗ ਸਮੇਂ ਦਸਤਾਵੇਜਾਂ ਸਮੇਤ ਨਾਲ ਲੈ ਕੇ ਪਹੁੰਚਣ। ਖੁੱਡੀਆਂ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਵਾਲੇ ਚਾਹਵਾਨ ਦੀ ਉਮਰ 18 ਤੋਂ 45 ਸਾਲ ਅਤੇ ਵਿੱਦਿਅਕ ਯੋਗਤਾ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ।ਯੋਗ ਉਮੀਦਵਾਰਾਂ ਦੀ ਚੋਣ ਵਿਭਾਗੀ ਕਮੇਟੀ ਵੱਲੋਂ ਸਬੰਧਿਤ ਸਿਖਲਾਈ ਕੇਂਦਰਾਂ ਤੇ 28 ਜੂਨ 2023 ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਕੀਤੀ ਜਾਵੇਗੀ। ਲੋੜਵੰਦ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਟੈਲੀਫੂਨ ਨੰ. 01725027285 ਤੇ ਸੰਪਰਕ ਕਰ ਸਕਦੇ ਹਨ ਜਾਂ ਆਪਣੇ ਜਿ਼ਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।