ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਆਲਮ ਸ਼ਾਹ, ਆਸਫ ਵਾਲਾ ਅਤੇ ਮੁੰਬੇ ਕੇ ਵਿਖੇ ਲੱਗੇ ਲੋਕ ਸੁਵਿਧਾ ਕੈਂਪ

  • ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪਹੁੰਚੇ ਕੈਂਪਾਂ ਵਿੱਚ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਫਾਜ਼ਿਲਕਾ 14 ਫਰਵਰੀ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਤੇ ਦੁਆਰ ਮੁਹਿੰਮ ਦੇ ਤਹਿਤ ਉਪਮੰਡਲ ਫਾਜ਼ਿਲਕਾ ਦੇ ਪਿੰਡ ਆਲਮ ਸ਼ਾਹ, ਆਸਫ਼ ਵਾਲਾ ਅਤੇ ਮੁੰਬੇ ਕੇ ਵਿਖੇ ਲੋਕ ਸੁਵਿਧਾ ਕੈਂਪ ਲੱਗੇ ਜਿਸ ਵਿੱਚ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਮੁਸ਼ਕਿਲਾਂ ਦੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਘਰ ਘਰ ਸਹੂਲਤਾਂ ਪੁੱਜਦੀਆਂ ਕਰ ਰਹੀ ਹੈ। ਉਹਨਾਂ ਆਖਿਆ ਕਿ ਇਹਨਾਂ ਲੋਕ ਸੁਵਿਧਾ ਕੈਂਪਾਂ ਰਾਹੀਂ ਸਰਕਾਰੀ ਨੁਮਾਇੰਦੇ ਪਿੰਡ ਪਿੰਡ ਪਹੁੰਚ ਕੇ ਲੋਕਾਂ ਦੀਆਂ ਬਰੂਹਾਂ ਤੇ ਸਰਕਾਰੀ ਸਕੀਮਾਂ ਦਾ ਲਾਭ ਦੇ ਰਹੇ ਹਨ। ਇਸ ਤੋਂ ਇਲਾਵਾ 1076 ਫੋਨ ਨੰਬਰ ਤੇ ਕਾਲ ਕਰਕੇ ਵੀ ਕੋਈ ਵੀ ਨਾਗਰਿਕ ਸਰਕਾਰੀ ਨੁਮਾਇੰਦੇ ਨੂੰ ਆਪਣੇ ਘਰ ਬੁਲਾ ਕੇ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਇਸੇ ਤਰ੍ਹਾਂ ਹੁਣ ਰਾਸ਼ਨ ਵੀ ਘਰ ਘਰ ਮਿਲੇਗਾ ਅਤੇ ਪੰਜਾਬ ਸਰਕਾਰ ਲੋਕਾਂ ਦੀ ਮੰਗ ਅਨੁਸਾਰ ਉਹਨਾਂ ਦੇ ਘਰ ਜਾ ਕੇ ਰਾਸ਼ਨ ਮੁਹਈਆ ਕਰਵਾਏਗੀ ।ਇਸ ਨਾਲ ਲੋਕਾਂ ਨੂੰ ਰਾਸ਼ਨ ਲੈਣ ਜਾਣ ਸਮੇਂ ਖੋਟੀ ਹੋਣ ਵਾਲੀ ਦਿਹਾੜੀ ਤੋਂ ਬਚਾਅ ਹੋ ਸਕੇਗਾ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਸੇਵਾਵਾਂ ਘਰ ਬੈਠੇ ਮਿਲਣ ਅਤੇ ਉਹਨਾਂ ਨੂੰ ਦਫਤਰਾਂ ਦੇ ਚੱਕਰ ਨਾ ਲਗਾਉਣੇ ਪੈਣ।