ਕੋਟਕਪੂਰਾ 24 ਅਪ੍ਰੈਲ : ਲਗਾਤਾਰ 10 ਸਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਉੱਪਰ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਨ ਦੇ ਦੋਸ਼ ਲੱਗਦੇ ਰਹੇ, ਕਾਂਗਰਸ ਸਰਕਾਰ ਦੇ ਪੰਜ ਸਾਲ ਵੀ ਦੋਸ਼ ਬਰਕਰਾਰ ਰਹੇ ਤੇ ਹੁਣ ਸੱਤਾਧਾਰੀ ਧਿਰ ਉੱਪਰ ਵੀ ਨਸ਼ਿਆਂ ’ਤੇ ਕਾਬੂ ਨਾ ਪਾ ਸਕਣ ਦੇ ਦੋਸ਼ ਲੱਗ ਰਹੇ ਹਨ। ਨਸ਼ਿਆਂ ਦੇ ਅਸਲ ਮੁੱਦੇ ਨੂੰ ਸਮਝਾਉਣ ਅਤੇ ਇਸਦੇ ਹੱਲ ਲਈ 80 ਦੇ ਦਹਾਕੇ ਦੀ ਸੁਪਰ ਹਿੱਟ ਪੰਜਾਬੀ ਫਿਲਮ ਪਟੋਲਾ ਦੇ ਨਿਰਮਾਤਾ ਜੇ ਪੀ ਪਰਦੇਸੀ, ਇਕ ਬਾਰ ਫੇਰ ਨਸ਼ਿਆਂ ਦੇ ਮੁੱਦੇ ਤੇ ਪੰਜਾਬੀ ਫਿਲਮ ਗਿੱਲ ਸਾਬ ਸਕੂਟਰ ਵਾਲੇ ਲੈਕੇ ਆਏ ਹਨ। ‘ਨਸ਼ਿਆਂ ਵਿਰੁੱਧ ਯੁੱਧ ਛੇੜਦੇ ਹੋਏ’ ਇਸ ਫਿਲਮ ਰਾਹੀਂ ਸਰਦਾਰ ਸੋਹੀ ਦੇ ਨਿਵੇਕਲੇ ਕਿਰਦਾਰ ਵਿੱਚ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਲਈ ਉਪਰਾਲੇ ਕਰਦੇ ਦਿਖਾਈ ਦੇਣਗੇ। ਸਥਾਨਕ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੋਹੀ ਤੋਂ ਇਲਾਵਾ ਨਿਰਮਾਤਾ-ਨਿਰਦੇਸ਼ਕ ਰਾਜੀਵ ਦਾਸ ਅਤੇ ਨਿਰਮਾਤਾ ਕੇ.ਕੇ. ਗਿੱਲ ਨੇ ਦਾਅਵਾ ਕੀਤਾ ਕਿ 19 ਮਈ ਨੂੰ ਰਿਲੀਜ਼ ਹੋ ਰਹੀ ਉਕਤ ਫਿਲਮ ਅੱਜ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਉਪਰਾਲਾ ਹੈ, ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ’ਤੇ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵੱਗ ਰਿਹਾ ਹੈ, ਜਿਸ ਵਿੱਚ ਮਾਵਾਂ ਦੇ ਜਵਾਨ ਪੁੱਤ ਨਿੱਤ ਦਿਨ ਡੁੱਬਦੇ ਜਾ ਰਹੇ ਹਨ, ਕੋਈ ਦਿਨ ਵੀ ਅਜਿਹਾ ਨਹੀਂ ਲੰਘਦਾ, ਜਿਸ ਦਿਨ ਕਿਸੇ ਘਰ ਨਸ਼ਿਆਂ ਕਾਰਨ ਸੱਥਰ ਨਾਲ ਵਿਛਿਆ ਹੋਵੇ ਅਰਥਾਤ ਰੋਜਾਨਾ ਮਾਪਿਆਂ ਦਾ ਇਕਲੌਤਾ ਪੁੱਤਰ, ਮਾਸੂਮ ਬੱਚਿਆਂ ਦਾ ਪਿਤਾ, ਇਕ ਤੋਂ ਜਿਆਦਾ ਭੈਣਾ ਦਾ ਇਕਲੌਤਾ ਭਰਾ ਜਾਂ ਸੱਜ ਵਿਆਹੀ ਮੁਟਿਆਰ ਦਾ ਪਤੀ ਨਸ਼ਿਆਂ ਕਾਰਨ ਸਦੀਵੀ ਵਿਛੋੜਾ ਦੇ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਇਸ ਦਾ ਮੁੱਖ ਕਾਰਨ ਬੇਰੁਜਗਾਰੀ ਹੈ, ਕਿਉਂਕਿ ਨੌਜਵਾਨ ਮੁੰਡੇ-ਕੁੜੀਆਂ ਡਿਗਰੀਆਂ-ਡਿਪਲੋਮੇ ਪ੍ਰਾਪਤ ਕਰਨ ਦੇ ਬਾਵਜੂਦ ਬੇਰੁਜਗਾਰੀ ਦੀ ਭੱਠੀ ਵਿੱਚ ਭੁੱਜ ਰਹੇ ਹਨ, ਮਾਪੇ ਆਪਣੀਆਂ ਨਸਲਾਂ ਬਚਾਉਣ ਲਈ ਉਪਜਾਊ ਜਮੀਨਾ ਵੇਚਣ ਲਈ ਮਜਬੂਰ ਹਨ, ਨੌਜਵਾਨ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਵਿੱਚ ਉਡਾਰੀ ਮਾਰ ਰਹੇ ਹਨ, ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਫਿਲਮ ਵਿੱਚ ਜਿੱਥੇ ਸਮਾਜਿਕ ਮੈਸੇਜ ਵੀ ਹੋਵੇਗਾ, ਉੱਥੇ ਹਲਕੀ-ਫੁਲਕੀ ਪਰਿਵਾਰਕ ਕਮੇਡੀ, ਸੋਹਣਾ ਗੀਤ ਸੰਗੀਤ ਅਤੇ ਦਿਲ ਨੂੰ ਝੰਜੋੜਣ ਵਾਲਾ ਇਮੋਸ਼ਨਲ ਡਰਾਮਾ ਵੀ ਦੇਖਣ ਨੂੰ ਮਿਲੇਗਾ। ਇਹ ਫਿਲਮ ਸਾਨੂੰ ਸੰਦੇਸ਼ ਦਿੰਦੀ ਹੈ ਕਿ ਨਸ਼ਿਆਂ ਦਾ ਮੁੱਦਾ ਹਲ ਕਰਨਾ ਸਾਡੇ ਆਪਣੇ ਹੱਥ ਹੈ। ਸਾਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਸਰਕਾਰਾਂ ਦਾ ਇੰਤਜਾਰ ਨਹੀਂ ਕਰਨਾ ਚਾਹੀਦਾ। ਇੰਡੋ ਕੀਵੀ ਫਿਲਮਜ਼ ਦੇ ਬੈਨਰ ਹੇਠ ਬਣੀ ਉਕਤ ਫਿਲਮ ਵਿੱਚ ਅਮਰਿੰਦਰ ਬੌਬੀ ਤੇ ਐਮਰੀਨ ਸ਼ਰਮਾ ਦੀ ਜੋੜੀ ਮੁੱਖ ਭੂਮਿਕਾ ਵਿੱਚ ਹੋਵੇਗੀ, ਇਸ ਤੋਂ ਇਲਾਵਾ ਸਰਦਾਰ ਸੋਹੀ, ਹੋਭੀ ਧਾਲੀਵਾਲ, ਬਲਬੀਰ ਬੋਪਾਰਾਏ, ਅਦਿੱਤੀ ਆਰੀਆ, ਹੈਪੀ ਗੋਸਲ, ਸਾਜਨ ਕਪੂਰ ਅਤੇ ਕੇ.ਕੇ. ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਮੌਕੇ ਫਿਲਮ ਦੇ ਮੁੱਖ ਕਿਰਦਾਰ ਗਿੱਲ ਸਾਬ ਦੀ ਭੂਮਿਕਾ ਅਦਾ ਕਰ ਰਹੇ ਫਿਲਮ ਸਟਾਰ ਸਰਦਾਰ ਸੋਹੀ ਨੇ ਸਕੂਲ ਦੇ ਹਾਜਿਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਮਾਤਾ ਪਿਤਾ ਦੀ ਆਗਿਆ ਮੰਨਣੀ ਚਾਹੀਦੀ ਹੈ ਨਾਲ ਹੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪੰਜਾਬ ਵਿਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਮੁੱਦੇ ਨੂੰ ਸਮਝਣ ਅਤੇ ਇਸਦੇ ਹੱਲ ਲਈ ਇਕ ਬਾਰ ਇਹ ਫਿਲਮ ਜਰੂਰ ਵੇਖਣੀ ਚਾਹੀਦੀ ਹੈ। ਸਕੂਲ ਮੁਖੀ ਗੁਰਪ੍ਰੀਤ ਸਿੰਘ ਮੱਕੜ ਦੀ ਅਗਵਾਈ ਸਮੁੱਚੇ ਸਟਾਫ ਨੇ ਫਿਲਮ ਦੀ ਸਮੁੱਚੀ ਟੀਮ ਵਿੱਚ ਸ਼ਾਮਲ ਉਪਰੋਕਤ ਤੋਂ ਇਲਾਵਾ ਸਹਿ-ਨਿਰਮਾਤਾ ਜੇ.ਪੀ. ਪ੍ਰਦੇਸੀ, ਬਿੱਲਾ ਮਾਹਣੇਵਾਲੀਆ, ਰਾਜੀਵ ਪ੍ਰਦੇਸੀ ਆਦਿ ਨੂੰ ਵੀ ਸਨਮਾਨਿਤ ਕੀਤਾ। ਇੱਥੇ ਜਿਕਰਯੋਗ ਹੈ ਕਿ ਜੇਪੀ ਪਰਦੇਸੀ ਜੋ ਕੋਟਕਪੂਰਾ ਦੇ ਹੀ ਜੰਮਪਲ ਹਨ। ਪਰਦੇਸੀ ਪਰਿਵਾਰ ਨੇ ਪੰਜਾਬ ਦੇ ਕਾਲੇ ਦੌਰ ਦੇ ਦਰਮਿਆਨ ਉਸ ਸਮੇਂ ਦੀ ਸਭ ਤੋਂ ਵੱਡੀ ਕਾਸਟ ਨੂੰ ਲੈਕੇ ਬਲਾਕਬਸਟਰ ਫਿਲਮ ਪਟੋਲਾ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਦੇ ਗੀਤ ਸੰਗੀਤ ਅਤੇ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਅਖਾੜੇ ਨੂੰ ਅੱਜ ਤੱਕ ਫਿਲਮ ਪ੍ਰੇਮੀ ਭੁੱਲ ਨਹੀਂ ਸਕੇ ਹਨ। ਸ਼ਹੀਦੇ ਮੁਹੱਬਤ ਬੂਟਾ ਸਿੰਘ ਅਤੇ ਜੈਨਬ ਦੀ ਅਮਰ ਪ੍ਰੇਮ ਕਹਾਣੀ ਤੇ ਵੀ ਪਹਿਲੀ ਬਾਰ 90 ਦੇ ਦਹਾਕੇ ਵਿੱਚ ਜੇਪੀ ਪਰਦੇਸੀ ਨੇ ਹੀ "ਪੰਜਾਬ 1947" ਫਿਲਮ ਬਣਾਈ ਸੀ। ਜਿਸਦੇ ਹਿੰਦੀ ਸੰਸਕਰਣ ਦਾ ਨਾਂਅ ਸਾਸੋਂ ਕੀ ਸਰਗਮ ਸੀ। ਉਸ ਸਮੇਂ ਇਹ ਫਿਲਮ ਇਕ ਰਾਜਨੈਤਿਕ ਪਾਰਟੀ ਦੇ ਵਿਰੋਧ ਕਾਰਣ ਰਿਲੀਜ ਨਹੀਂ ਹੋ ਸਕੀ ਸੀ। ਜੇਪੀ ਪਰਦੇਸੀ ਨੇ ਦੱਸਿਆ ਕਿ ਉਹ ਜਲਦ ਹੀ ਇਸ ਫਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਹਨ।