ਨਰਮੇ ਦੀ ਸਫਲ ਕਾਸ਼ਤ ਲਈ ਸੰਯੁਕਤ ਕੀਟ ਪ੍ਰਬੰਧ ਪ੍ਰਣਾਲੀ ਅਪਨਾਉਣ ਦੀ ਜਰੂਰਤ

ਫਰੀਦਕੋਟ 7 ਮਾਰਚ 2025 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਫਰੀਦਕੋਟ ਵੱਲੋਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤੇ ਜਾ ਰਹੇ ਅਗਾਂਹੂ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਨਰਮੇ ਦੀ ਫਸਲ ਖੇਤੀਬਾੜੀ ਵਿਭਿੰਨਤਾ ਵਿੱਚ ਅਹਿਮ ਭੂਮਿਕਾ ਨਿਭਾਉਦੀ ਹੈ।ਇਸ ਦੀ ਸਫਲ ਕਾਸ਼ਤ ਲਈ ਸਿਫਾਰਸ਼ ਕੀਤੇ ਬੀਜ, ਕੀਟਨਾਸ਼ਕ ਅਤੇ ਨਦੀਨਨਾਸ਼ਕ ਆਦਿ ਹੀ ਵਰਤੇ ਜਾਣ ਅਤੇ ਇਹਨਾਂ ਦਾ ਪੱਕਾ ਬਿੱਲ ਲਿਆ ਜਾਵੇ। ਗੁਲਾਬੀ ਸੁੰਡੀ ਦੇ ਹਮਲੇ ਦੇ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਇਹ ਸੁੰਡੀ ਛਿੱਟੀਆਂ ਵਿੱਚ ਕੋਆ ਦੇ ਰੂਪ ਵਿੱਚ ਨਿਵਾਸ ਕਰਦੀ ਹੈ ਅਤੇ ਅਪ੍ਰੈਲ ਮਈ ਦੇ ਮਹੀਨੇ ਤਾਪਮਾਨ ਵੱਧਣ ਤੇ ਸੁੰਡੀ ਦੇ ਪਤੰਗੇ ਚਿੱਟੇ ਰੰਗ ਦੇ ਆਂਡੇ ਫੁੱਲਾਂ ਉਪਰ ਦਿੰਦੇ ਹਨ ਜੋ ਕਿ ਬਾਅਦ ਵਿੱਚ ਸੰਤਰੀ ਰੰਗ ਦੇ ਹੋ ਜਾਦੇ ਹਨ।ਜਿਸ ਕਾਰਨ ਗੁਲਾਬੀ ਸੁੰਡੀ ਦਾ ਹਮਲਾ ਨਰਮੇ ਦੀ ਫਸਲ ਉੱਪਰ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਪਿੰਡ ਪੱਧਰ ਉੱਪਰ ਛਿੱਟੀਆਂ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਆਫ ਸੀਜਨ ਰੋਕਥਾਮ (ਮਹੀਨਾ ਮਾਰਚ ਅਤੇ ਅਪ੍ਰੈਲ) ਤਹਿਤ ਪਿੰਡ ਪੱਧਰ ਉਪਰ ਨਦੀਨ (ਗਾਜਰ ਘਾਹ, ਕੰਘੀ ਬੂਟੀ, ਪੀਲੀ ਬੂਟੀ ਆਦਿ) ਨਸ਼ਟ ਕਰਨ ਦੀ ਮੁਹਿੰਮ  ਚਲਾਈ ਜਾ ਰਹੀ ਹੈ ਜਿਸ ਨਾਲ ਚਿੱਟਾ ਮੱਛਰ ਆਦਿ ਤੋਂ ਵੀ ਬਚਾਅ ਹੋਵੇਗਾ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾ ਵਿੱਚ ਅਤੇ ਖੇਤਾ ਦੇ ਆਸ ਪਾਸ ਨਦੀਨਾਂ ਦਾ ਸਫਾਇਆ ਕਰਵਾਇਆ ਜਾਵੇ ਅਤੇ ਸਮੇ ਸਿਰ ਛਿਟਿਆਂ ਦਾ ਪ੍ਰਬੰਧ ਵੀ ਕਰ ਲਿਆ ਜਾਵੇ ਤਾਂ ਜੋ ਨਰਮੇ ਦੀ ਫਸਲ ਦੀ ਕਾਸ਼ਤ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।