
- ਕਾਰਡ ਦੀ ਮਿਆਦ 5 ਸਾਲ ਕਰਨ ਦੀ ਕੀਤੀ ਮੰਗ
ਭਦੌੜ, 27 ਮਾਰਚ 2025 : ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਸਾਰੀ ਕਾਮਿਆਂ ਨਾਲ ਸਬੰਧਤ ਮਸਲਾ ਸਦਨ ਵਿੱਚ ਚੁੱਕਿਆ। ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਦਾ ਰਜਿਸਟ੍ਰੇਸ਼ਨ ਕਾਰਡ ਜੋ ਕਿ ਪਹਿਲਾਂ 3 ਸਾਲ ਤੱਕ ਵੈਲਿਡ ਹੁੰਦਾ ਸੀ, ਹੁਣ ਇੱਕ ਸਾਲ ਲਈ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਡ ਦੀ ਮਿਆਦ 5 ਸਾਲ ਕੀਤੀ ਜਾਵੇ ਤਾਂ ਜੋ ਉਸਾਰੀ ਕਿਰਤੀਆਂ ਨੂੰ ਖੱਜਲ - ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਦਨ 'ਚ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕਿਸੇ ਰਜਿਸਟਰਡ ਉਸਾਰੀ ਕਿਰਤੀ ਨੇ ਸ਼ਗਨ ਸਕੀਮ ਦਾ ਲਾਭ ਲੈਣ ਹੁੰਦਾ ਹੈ ਤਾਂ ਮੈਰਿਜ ਸਰਟੀਫਿਕੇਟ ਦੀ ਮੰਗ ਕੀਤੀ ਜਾਂਦੀ ਹੈ ਜਿਸ ਵਾਸਤੇ ਸਰਟੀਵਿਫੀਕੇਟ ਬਣਾਉਣ ਦੀ ਫੀਸ 1500 ਰੁਪਏ ਹੈ ਅਤੇ ਅਸ਼ਟਾਮ, ਫਾਇਲ ਤਿਆਰ ਕਰਨ ਦਾ ਖਰਚਾ ਪਾ ਕੇ 4000 ਦੇ ਕਰੀਬ ਖਰਚਾ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਵਾਸਤੇ ਗੁਰਦੁਆਰਾ ਸਾਹਿਬ ਦੇ ਸਰਟੀਫੀਕੇਟ ਨੂੰ ਮਨਜ਼ੂਰ ਕੀਤਾ ਜਾਵੇ ਤਾਂ ਜੋ ਉਸਾਰੀ ਕਾਮਿਆਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੋ ਸਕੇ।