ਜਲਾਲਾਬਾਦ ਵਿੱਚ ਪੰਜਾਬ ਦੀ ਨਵੇਕਲੀ ਰੇੜ੍ਹੀ ਫੜੀ ਮਾਰਕੀਟ ਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਰੱਖਿਆ ਨੀਂਹ ਪੱਥਰ

  • 3 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਰੇਹੜੀ ਫੜੀ ਮਾਰਕਿਟ  : ਵਿਧਾਇਕ  ਗੋਲਡੀ

ਜਲਾਲਾਬਾਦ 11 ਮਾਰਚ  : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਮਾਜ ਦੇ ਸਾਰੇ ਵਰਗਾਂ ਦੇ ਉਥਾਨ ਦੀ ਨੀਤੀ ਤਹਿਤ ਜਲਾਲਾਬਾਦ ਵਿੱਚ ਪੰਜਾਬ ਦੀ ਆਪਣੀ ਕਿਸਮ ਦੀ ਨਿਵੇਕਲੀ ਰੇੜ੍ਹੀ ਫੜੀ ਮਾਰਕੀਟ ਲਗਭਗ 3 ਕਰੋੜ ਰੁਪਏ ਨਾਲ ਬਣਾਉਣ ਜਾ ਰਹੀ ਹੈ। ਇਸ ਦਾ ਨੀਂਹ ਪੱਥਰ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਰੱਖਿਆ। ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਰੇੜ੍ਹੀ ਫੜੀ ਵਾਲਾ ਸਮਾਜ ਦਾ ਇੱਕ ਮਹੱਤਵਪੂਰਨ ਵਰਗ ਹੈ ਜਿਸ ਨੂੰ ਪਿਛਲੀਆਂ ਸਰਕਾਰਾਂ ਵਿੱਚ ਹਮੇਸ਼ਾ ਅਣਗੌਲਿਆਂ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਹਿਲੀ ਵਾਰ ਇਹਨਾਂ ਦੀ ਆਰਥਿਕ ਤਰੱਕੀ ਲਈ ਇਹਨਾਂ ਨੂੰ ਉਚਿਤ ਮੰਚ ਮੁਹਈਆ ਕਰਵਾਉਣ ਲਈ ਇਹ ਰੇੜ੍ਹੀ ਫੜੀ ਮਾਰਕੀਟ ਬਣਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਆਖਿਆ ਕਿ ਇਸ ਤੇ 3 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਨਵੀਂ ਅਨਾਜ ਮੰਡੀ ਵਿੱਚ ਬਣਾਈ ਜਾ ਰਹੀ ਹੈ। ਇਸ ਵਿੱਚ ਇੱਕ ਪਲੇਟਫਾਰਮ, ਸਟੀਲ ਕਵਰ, ਸੈਡ, ਸੜਕਾਂ ਅਤੇ ਫੁੱਟਪਾਥ ਸ਼ਾਮਿਲ ਹਨ। ਇਸ ਮੌਕੇ ਉਹਨਾਂ ਨੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਇਹ ਪ੍ਰੋਜੈਕਟ ਪ੍ਰਵਾਨ ਕੀਤਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਇਹ ਬਣਨ ਨਾਲ ਸ਼ਹਿਰ ਦੇ ਰੇੜ੍ਹੀ ਫੜੀ ਵਾਲਿਆਂ ਨੂੰ ਵੱਡੀ ਸਹੂਲਤ ਹੋਵੇਗੀ ਅਤੇ ਉਹਨਾਂ ਨੂੰ ਆਪਣਾ ਉੱਦਮ ਕਰਨ ਵਿੱਚ ਸੌਖ ਹੋਵੇਗੀ ਅਤੇ ਜਿਸ ਨਾਲ ਉਹਨਾਂ ਦੀ ਆਰਥਿਕ ਹਾਲਤ ਚੰਗੀ ਹੋ ਸਕੇਗੀ। ਉਹਨਾਂ ਨੇ ਕਿਹਾ ਕਿ ਇਸ ਤਰਾਂ ਹੋਣ ਨਾਲ ਗ੍ਰਹਾਕਾਂ ਨੂੰ ਵੀ ਇੱਕੋ ਜਗ੍ਹਾਂ ਸਾਰੀਆਂ ਪ੍ਰਕਾਰ ਦੇ ਰੇੜੀ ਫੜੀ ਵਾਲੇ ਮਿਲਣਗੇ ਜਦਕਿ ਰੇੜੀ ਫੜੀ ਵਾਲਿਆਂ ਨੂੰ ਵੀ ਇੱਕੋ ਜਗ੍ਹਾਂ  ਗਾਹਕ ਮਿਲ ਸਕਣਗੇ। ਇਸ ਨਾਲ ਰੇੜ੍ਹੀ ਫੜੀ ਅਤੇ ਗਾਹਕ ਦੋਨਾਂ ਨੂੰ ਲਾਭ ਹੋਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪੰਜਾਬ ਸਰਕਾਰ ਦਾ ਉਦੇਸ਼ ਹੀ ਹੈ ਕਿ ਸਮਾਜ ਦੇ ਸਾਰੇ ਵਰਗ ਤਰੱਕੀ ਕਰਨ ਅਤੇ ਸਭ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲਣ। ਉਹਨਾਂ ਆਖਿਆ ਕਿ ਜਲਦ ਹੀ ਇਹ ਮਾਰਕੀਟ ਮੁਕੰਮਲ ਹੋ ਜਾਵੇਗੀ। ਇਸ ਮੌਕੇ ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ, ਨਗਰ ਕੌਂਸਲ ਵਾਇਸ ਪ੍ਰਧਾਨ ਰਸ਼ਪਾਲ ਸਿੰਘ ਢੋਲਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਪਤਾਨ ਛਾਬੜਾ, ਆਪ ਆਗੂ ਜਰਨੈਲ ਸਿੰਘ ਮੁਖੀਜਾ ,  ਆਪ ਆਗੂ ਸ਼ੇਰਬਾਜ ਸੰਧੂ,  ਅਤੇ ਸਕੱਤਰ ਮਨਦੀਪ ਰਹੇਜਾ, ਰਜਿੰਦਰ ਸਿੰਘ ਚੁੱਘ ,ਤਨੂੰ ਵਿੱਜ ਵੀ ਹਾਜ਼ਰ ਸਨ।