ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੌਂਸਲ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸੰਸਾਯੋਗ : ਸਪੀਕਰ ਸੰਧਵਾਂ

  • ਲੋੜਵੰਦ ਲੜਕੀਆਂ ਦੇ ਵਿਆਹ ਸਮਾਰੋਹ ਲਈ ਇਕ ਲੱਖ ਰੁਪਏ ਦਾ ਚੈੱਕ ਕੀਤਾ ਭੇਂਟ

ਕੋਟਕਪੂਰਾ, 5 ਮਾਰਚ : ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੌਂਸਲ (ਰਜਿ:) ਵਲੋਂ ਪਿਛਲੇ ਕਰੀਬ 3 ਦਹਾਕਿਆਂ ਤੋਂ ਗਰੀਬ ਤੇ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਰੋਹਾਂ ਵਿੱਚ ਯੋਗਦਾਨ ਪਾਉਣ ਬਦਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਵਲੋਂ ਸੰਸਥਾ ਦੇ ਪ੍ਰਧਾਨ ਮਨਮੋਹਨ ਸ਼ਰਮਾ ਅਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਇਕ ਲੱਖ ਰੁਪਏ ਦਾ ਚੈੱਕ ਸੌਂਪਦਿਆਂ ਸੰਸਥਾ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਸੰਸਥਾ ਦੇ ਸਰਗਰਮ ਮੈਂਬਰ ਨੱਥੂ ਰਾਮ ਪਰਜਾਪਤ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ। ਮਨਮੋਹਨ ਸ਼ਰਮਾ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਕਰੀਬ 28 ਸਾਲਾਂ ਤੋਂ ਸੰਸਥਾ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਰੋਹਾਂ ਦਾ ਬਕਾਇਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਕੋਵਿਡ ਤੋਂ ਪਹਿਲਾਂ ਕਈ ਵਾਰ 51, 61 ਅਤੇ 71-71 ਲੜਕੀਆਂ ਦੇ ਆਨੰਦ ਕਾਰਜ ਸਫਲਤਾਪੂਰਵਕ ਨੇਪਰੇ ਚੜਾ ਕੇ ਉਹਨਾਂ ਨੂੰ ਨਿੱਤ ਵਰਤੋਂ ਵਾਲਾ ਹਰ ਤਰਾਂ ਦਾ ਸਮਾਨ ਦਾਜ ਦੇ ਰੂਪ ਵਿੱਚ ਦਿੱਤਾ ਗਿਆ, ਹਰ ਵਾਰ ਬਰਾਤੀਆਂ ਅਤੇ ਵਿਆਂਦੜ ਲੜਕੀਆਂ ਦੇ ਰਿਸ਼ਤੇਦਾਰਾਂ ਦਾ ਸ਼ਾਨਦਾਰ ਸੁਆਗਤ ਅਤੇ ਖਾਣ ਪੀਣ ਦੇ ਵਧੀਆ ਸਮਾਨ ਦਾ ਪ੍ਰਬੰਧ ਵੀ ਕੀਤਾ ਗਿਆ।