ਉਮੀਦਵਾਰ ਤੋਂ ਇਸ਼ਤਿਹਾਰਾਂ ਦੀ ਮਨਜ਼ੂਰੀ ਲੈਣਾ ਬਣਾਇਆ ਜਾਵੇ ਯਕੀਨੀ-ਡਿਪਟੀ ਕਮਿਸ਼ਨਰ

  • ਐਮ.ਸੀ.ਐਮ.ਸੀ ਟੀਮ ਦੀ ਹੋਈ ਟ੍ਰੇਨਿੰਗ

ਫ਼ਰੀਦਕੋਟ 13 ਮਾਰਚ : ਡਿਪਟੀ ਕਮਿਸ਼ਨਰ ਕੰਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ.ਗੁਰਦੀਪ ਸਿੰਘ ਮਾਨ ਨੇ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸਨ ਐਂਡ ਮੀਡੀਆ ਮੋਨੀਟਰਿੰਗ ਕਮੇਟੀ) ਦੇ ਟੀਮ ਮੈਂਬਰਾਂ ਨੂੰ ਅੱਜ ਟ੍ਰੇਨਿੰਗ ਮੁਹਈਆ ਕਰਵਾਈ। ਇਸ ਦੌਰਾਨ ਬੋਲਦਿਆਂ ਡੀ.ਪੀ.ਆਰ.ਓ ਸ. ਗੁਰਦੀਪ ਸਿੰਘ ਮਾਨ ਨੇ ਦੱਸਿਆ ਕਿ ਇਹ ਟੀਮ ਇਲੈਕਸ਼ਨ ਕੋਡ ਲੱਗਣ ਉਪਰੰਤ ਪ੍ਰਿੰਟ ਮੀਡੀਆ, ਇਲੈਕਟਰੋਨਿਕ ਅਤੇ ਸੋਸ਼ਲ ਮੀਡੀਆ ਦੀ ਲਗਾਤਾਰ ਨਿਗਰਾਨੀ ਕਰੇਗੀ ਅਤੇ ਇਸ ਦੇ ਨਾਲ ਰਾਜਨੀਤਿਕ ਪਾਰਟੀਆਂ/ ਉਮੀਦਵਾਰਾਂ ਵੱਲੋਂ ਇਸ਼ਤਿਹਾਰਾਂ ਨੂੰ ਪੂਰਵ ਮਨਜ਼ੂਰੀ ਦੇਵੇਗੀ। ਉਹਨਾਂ ਦੱਸਿਆ ਕਿ ਇਸ ਮਨਜ਼ੂਰੀ ਵਿੱਚ ਉਮੀਦਵਾਰ ਵੱਲੋਂ ਅਖਬਾਰਾਂ, ਟੈਲੀਵਿਜ਼ਨ, ਕੇਬਲ ਨੈਟਵਰਕ ਅਤੇ ਸੋਸ਼ਲ ਮੀਡੀਆ ਵਿੱਚ ਪ੍ਰਕਾਸ਼ਿਤ ਇਸ਼ਤਿਹਾਰਾਂ ਦੀ ਪੂਰਵ ਮਨਜ਼ੂਰੀ ਦੇ ਨਾਲ ਖਰਚੇ ਦਾ ਵੇਰਵਾ ਵੀ ਦੇਣਾ ਲਾਜ਼ਮੀ ਹੋਵੇਗਾ। ਉਹਨਾਂ ਦੱਸਿਆ ਕਿ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜ਼ੀ ਵਿੱਚ ਭੱਦੀ ਸ਼ਬਦਾਵਲੀ, ਕਿਸੇ ਵੀ ਧਰਮ ਦੇ ਖਿਲਾਫ ਵਰਤੀ ਜਾਂਦੀ ਸ਼ਬਦਾਵਲੀ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੋਵੇ, ਇਸ਼ਤਿਹਾਰ ਨੂੰ ਨਾ ਮਨਜ਼ੂਰ ਕੀਤਾ ਜਾਵੇ। ਉਨਾਂ ਦੱਸਿਆ ਕਿ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਆਪਣੇ ਇਸ਼ਤਿਹਾਰ ਦੀ ਮਨਜ਼ੂਰੀ ਲਈ ਤਿੰਨ ਦਿਨ ਪਹਿਲਾਂ ਐਮ.ਸੀ.ਐਮ.ਸੀ ਸੈੱਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਅਰਜੀ ਦੇਣਗੀਆਂ ਜਦ ਕਿ ਗੈਰ ਰਜਿਸਟਰਡ ਅਤੇ ਆਜ਼ਾਦ ਉਮੀਦਵਾਰ ਪਾਰਟੀਆਂ ਸੱਤ ਦਿਨ ਪਹਿਲਾਂ ਇਹ ਮਨਜ਼ੂਰੀ ਪ੍ਰਾਪਤ ਕਰਨ ਲਈ ਅਰਜੀ ਦੇਣਗੀਆਂ। ਵੀਡੀਓ ਦੇ ਮਾਮਲੇ ਵਿੱਚ ਵੀਡੀਓ ਤੋਂ ਇਲਾਵਾ ਲਿਖਤੀ ਤਸਦੀਕ ਸੁਦਾ ਸਕ੍ਰਿਪਟ ਵੀ ਦੇਣੀ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਵੀਡੀਓ ਬਣਾਉਣ ਤੇ ਕੀਤੇ ਗਏ ਖਰਚੇ ਦਾ ਵੇਰਵਾ ਵੀ ਦੱਸਣਾ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਜਿਸ ਦਿਨ ਇਸ਼ਤਿਹਾਰ ਛਾਪਿਆ ਜਾਵੇਗਾ, ਉਸ ਦਾ ਵੇਰਵਾ ਵੀ ਦੇਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਟੀਮ ਮੈਂਬਰਾਂ ਨੂੰ ਝੂਠੀਆਂ ਖਬਰਾਂ, ਪੇਡ ਨਿਊਜ਼ ਤੇ ਵੀ ਲਗਾਤਾਰ ਨਜ਼ਰਸਾਨੀ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ, ਸ੍ਰੀ ਤਰਸੇਮ ਚਾਨਣਾ ਤੋਂ ਇਲਾਵਾ ਐਮ.ਸੀ.ਐਮ.ਸੀ ਸੈਲ ਦੇ ਮੈਂਬਰ ਹਾਜ਼ਰ ਸਨ।