- ਘਰਾਂ ਦੇ ਨੇੜੇ ਖੜ੍ਹੇ ਪਾਣੀ 'ਚ ਪੈਦਾ ਹੁੰਦਾ ਐਨਾਫਲੀਜ਼ ਮਾਦਾ ਮੱਛਰ
ਲੁਧਿਆਣਾ, 15 ਜੂਨ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵਲੋ ਜੂਨ ਮਹੀਨਾ ਐਂਟੀ ਮਲੇਰੀਆ ਮਹੀਨੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਲੇਰੀਆ ਐਟੀ ਮਹੀਨਾ ਜਿਲ੍ਹੇ ਭਰ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਫੀਵਰ ਸਰਵੇ ਕਰ ਰਹੀਆਂ ਹਨ ਅਤੇ ਮਲੇਰੀਆ ਦੇ ਬਚਾਅ ਸਬੰਧੀ ਮਾਸ ਮੀਡੀਆ ਵਿੰਗ ਦੀ ਟੀਮ ਵੀ ਵੱਖ ਵੱਖ ਥਾਂਵਾਂ 'ਤੇ ਜਾ ਕੇ ਆਮ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ। ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਠੰਢ ਅਤੇ ਕਾਂਬੇ ਨਾਲ ਤੇਜ਼ ਬੁਖਾਰ ਹੋਵੇ, ਸਿਰ ਦਰਦ, ਬੇਚੈਨੀ ਅਤੇ ਕਮਜੋਰੀ ਆਦਿ ਲੱਛਣ ਹੋਣ ਤੇ ਮਲੇਰੀਏ ਦੀ ਜਾਂਚ ਕਰਵਾਉਣੀ ਜਰੂਰੀ ਹੈ। ਉਨਾਂ ਦੱਸਿਆ ਕਿ ਇਹ ਬੁਖਾਰ (ਐਨਾਫਲੀਜ਼ ) ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਘਰਾਂ ਆਦਿ ਦੇ ਨੇੜੇ ਖੜ੍ਹੇ ਹੋਏ ਪਾਣੀ ਵਿੱਚ ਪਲਦਾ ਹੈ। ਮਲੇਰੀਏ ਦੇ ਬੁਖਾਰ ਦੀ ਜਾਂਚ ਅਤੇ ਇਲਾਜ ਸਿਹਤ ਵਿਭਾਗ ਵਲੋ ਮੁਫਤ ਕੀਤਾ ਜਾਂਦਾ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਵਿਚ ਪਏ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਆਦਿ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕਰਨਾ ਚਾਹੀਦਾ ਹੈ। ਘਰਾਂ ਆਦਿ ਦੇ ਨੇੜੇ ਪਾਣੀ ਖੜ੍ਹਾ ਨਾ ਹੋਣ ਦਿਓ, ਮੱਛਰ ਤੋ ਕੱਟਣ ਦੇ ਬਚਾਅ ਲਈ ਘਰਾਂ ਆਦਿ ਦੇ ਦਰਵਾਜੇ ਜਾਲੀਦਾਰ ਰੱਖੇ ਜਾਣ, ਸੋਣ ਸਮੇਂ ਮੱਛਰਦਾਨੀਆਂ ਜਾਂ ਮੱਛਰ ਭਜਾਊ ਕਰੀਮਾਂ ਦੀ ਵਰਤੋ ਕੀਤੀ ਜਾਵੇ। ਮਾਸ ਮੀਡੀਆ ਵਿੰਗ ਦੀ ਟੀਮ ਵਲੋਂ ਢੰਡਾਰੀ ਕਲਾਂ ਵਿਖੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਬਸ਼ੀਰਾ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਮਲੇਰੀਆ ਦੇ ਬਚਾਅ ਲਈ ਵੱਧ ਤੋ ਵੱਧ ਦੱਸੀਆ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।