ਐੱਸ.ਏ.ਐੱਸ. ਨਗਰ, 2 ਮਈ : ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਗੈਰਮਿਆਰੀ/ ਮਿਸਬ੍ਰਾਂਡਿਡ ਘਿਓ ਸਬੰਧੀ ਐਚ.ਐਫ. ਸੁਪਰ ਸਟੋਰ, ਫੇਜ਼ 7 ਦੇ ਮਾਲਕ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੋ ਵੀ ਕੋਈ ਖ਼ੁਰਾਕ ਪਦਾਰਥਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਚ.ਐਫ. ਸੁਪਰ ਸਟੋਰ ਦੀ ਚੈਕਿੰਗ ਕੀਤੀ ਗਈ। ਜਿਥੇ ਦੋਸ਼ੀ ਹਾਜ਼ਰ ਸੀ ਤੇ ਉੱਥੋਂ ਗੈਰ ਮਿਆਰੀ ਘਿਓ ਪ੍ਰਾਪਤ ਹੋਇਆ ਜੋ ਕਿ ਮਨੁੱਖੀ ਖਪਤ ਸੇਲ ਕਰਨ ਦੇ ਮੰਤਵ ਲਈ ਸੀ। ਇਸ ਬਾਬਤ ਖ਼ੁਰਾਕ ਸੁਰੱਖਿਆ ਅਫਸਰ, ਦਫ਼ਤਰ ਸਿਵਲ ਸਰਜਨ, ਐੱਸ.ਏ. ਐੱਸ ਨਗਰ, ਰਾਜਦੀਪ ਕੌਰ ਵਲੋਂ ਪ੍ਰਾਪਤ ਸ਼ਿਕਾਇਤ ਮੁਤਾਬਕ 15.06.2022 ਨੂੰ ਉਪਰੋਕਤ ਵਪਾਰਕ ਇਕਾਈ ਦੀ ਚੈਕਿੰਗ ਕੀਤੀ ਗਈI ਉੱਥੋਂ ਘਿਓ, ਜੋ ਕਿ ਰੈਫਰੀਜਿਰੇਟਰ ਵਿੱਚ ਰੱਖਿਆ ਹੋਇਆ ਸੀ, ਦੇ 10 ਜਾਰ ਪ੍ਰਾਪਤ ਹੋਏ ਜੋ ਕਿ ਮਨੁੱਖੀ ਖਪਤ ਸੇਲ ਕਰਨ ਦੇ ਮੰਤਵ ਲਈ ਸਨ। ਘਿਓ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਤੇ ਰਿਪੋਰਟ ਦੋਸ਼ੀ ਖਿਲਾਫ ਕਾਰਵਾਈ ਕਰਨ ਲਈ ਪ੍ਰਾਪਤ ਹੋਈ। ਇਸ ਸਬੰਧ ਵਿੱਚ ਦੋਸ਼ੀ ਨੇ ਆਪਣਾ ਕਸੂਰ ਮੰਨਦੇ ਹੋਏ ਕਿਹਾ ਕਿ ਉਹ ਮੁੜ ਤੋਂ ਇਹ ਗਲਤੀ ਨਹੀਂ ਕਰੇਗਾ। ਸਾਰੇ ਤਥਾਂ ਨੂੰ ਵਾਚਣ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਦੋਸ਼ੀ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 26 ਦੀ ਉਲੰਘਣਾ ਕੀਤੀ ਗਈ ਹੈ, ਕਿਉਂਕਿ ਇਹ ਮਾਮਲਾ ਸਿੱਧੇ ਤੌਰ ‘ਤੇ ਜਨਹਿਤ ਨਾਲ ਸਬੰਧਤ ਹੈ, ਇਸ ਲਈ ਦੋਸ਼ੀ ਨੂੰ ਉਕਤ ਐਕਟ ਤਹਿਤ ਦਸ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।