
- ਮੁਅੱਤਲ ਕੀਤੇ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਵੀ ਅਰੰਭੀ
- ਸਬੰਧਤ ਪੁਲਿਸ ਅਧਿਕਾਰੀਆਂ ਦਾ ਜ਼ਿਲ੍ਹਾ ਪਟਿਆਲਾ ਤੋਂ ਬਾਹਰ ਤਬਾਦਲਾ ਕਰਨ ਲਈ ਡੀਆਈਜੀ ਨੂੰ ਕਿਹਾ
- ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਦਿੱਤੀ ਸੁਰੱਖਿਆ
ਪਟਿਆਲਾ, 21 ਮਾਰਚ 2025 : ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਬਿਆਨ ‘ਤੇ ਅੱਜ ਮਿਤੀ 21 ਮਾਰਚ, 2025 ਨੂੰ ਥਾਣਾ ਸਿਵਲ ਲਾਈਨਜ਼, ਪਟਿਆਲਾ ਵਿਖੇ ਤਾਜਾ ਐਫਆਈਆਰ ਨੰਬਰ 69 ਦਰਜ ਕੀਤੀ ਗਈ ਹੈ। ਇਹ ਮਾਮਲਾ ਮਿਤੀ 14-03-2025 ਨੂੰ ਕਰਨਲ ਬਾਠ ਦੇ ਦਰਜ ਕੀਤੇ ਗਏ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ, ਜੋ ਕਿ 13/14 ਮਾਰਚ, 2025 ਦੀ ਦਰਮਿਆਨੀ ਰਾਤ ਨੂੰ ਕੁਝ ਪੁਲਿਸ ਅਧਿਕਾਰੀਆਂ ਦੁਆਰਾ ਉਸ ਨਾਲ ਕੁੱਟਮਾਰ ਦੀ ਇੱਕ ਮੰਦਭਾਗੀ ਘਟਨਾ ਦੇ ਸੰਬੰਧ ਵਿੱਚ ਉਸ ਵੱਲੋਂ ਦਰਜ ਕਰਵਾਏ ਗਏ ਸਨ। ਕਰਨਲ ਬਾਠ ਦੇ ਬਿਆਨ ਵਿੱਚ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਿਲ ਹਨ,ਜਿਨ੍ਹਾਂ ਨੇ ਉਨ੍ਹਾਂ ਉਪਰ ਹਮਲਾ ਕੀਤਾ ਸੀ ਅਤੇ ਕਰਨਲ ਬਾਠ ਵਲੋਂ ਆਪਣੇ ਬਿਆਨ ਵਿੱਚ ਉਕਤ ਹਮਲੇ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਭੂਮਿਕਾ ਵੀ ਦੱਸੀ ਗਈ ਹੈ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਾਨੂੰਨ ਤੇ ਵਿਵਸਥਾ,ਪੰਜਾਬ ਸ਼੍ਰੀ ਐਸ.ਪੀ.ਐਸ.ਪਰਮਾਰ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸ਼੍ਰੀ ਸੰਦੀਪ ਮਲਿਕ, ਆਈ.ਪੀ.ਐਸ., ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਹੁਸ਼ਿਆਰਪੁਰ ਅਤੇ ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ., ਸੁਪਰਡੈਂਟ ਆਫ਼ ਪੁਲਿਸ, ਦਿਹਾਤੀ, ਐਸ.ਏ.ਐਸ. ਨਗਰ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾ ਸਕੇ। ਐਸ.ਆਈ.ਟੀ. ਨੂੰ ਸਬੂਤ ਇਕੱਠੇ ਕਰਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਰੋਜ਼ਾਨਾ ਦੇ ਆਧਾਰ ‘ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਇਸ ਕੇਸ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ। ਪੰਜਾਬ ਪੁਲਿਸ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੀ.ਆਈ.ਜੀ. ਪਟਿਆਲਾ ਰੇਂਜ ਨੂੰ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਜ਼ਿਲ੍ਹਾ ਪਟਿਆਲਾ ਤੋਂ ਬਾਹਰ ਤਬਦੀਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾ ਸਕੇ। ਬੁਲਾਰੇ ਨੇ ਅੱਗੇ ਕਿਹਾ ਕਿ ਸਾਰੇ 12 ਸਬੰਧਤ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਸਜ਼ਾ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਸੁਰੱਖਿਆ ਨੂੰ, ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਕਰਨਲ ਦੀ ਪਤਨੀ ਰੀਤੂ ਬਾਠ ਨੇ ਪੁਲਿਸ ਵਲੋਂ ਕੁੱਟਮਾਰ ਅਤੇ ਢਿੱਲੀ ਕਾਰਵਾਈ ਦੇ ਲਗਾਏ ਦੋਸ਼
ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਰੀਤੂ ਬਾਠ ਸਮੇਤ ਸਾਬਕਾ ਸੈਨਿਕ ਜਥੇਬੰਦੀਆਂ ਨਾਲ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨੇ ਤੇ ਬੈਠ ਗਏ ਹਨ। ਇਸ ਦੌਰਾਨ ਕਰਨਲ ਦੀ ਪਤਨੀ ਨੇ ਪੁਲਿਸ ਵਲੋਂ ਕੁੱਟਮਾਰ ਅਤੇ ਢਿੱਲੀ ਕਾਰਵਾਈ ਦੇ ਦੋਸ਼ ਲਗਾਏ ਹਨ। ਕਰਨਲ ਦੀ ਪਤਨੀ ਨੇ ਕਿਹਾ ਕਿ ਇਕ ਫੌਜੀ ਦੀ ਪਤਨੀ ਹਾਂ ਕਦੇ ਵੀ ਪਿੱਛੇ ਨਹੀਂ ਹਟਾਂਗੀ। ਉਹਨਾਂ ਕਿਹਾ ਕਿ ਹਜੇ ਵੀ ਐੱਸ ਐੱਸ ਪੀ ਆਪਣੇ ਅਧਿਕਾਰੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬ ਪੁਲਸ ਖਿਲਾਫ ਨਾਅਰੇਬਾਜੀ ਕਰਦਿਆਂ ਐੱਸ ਐੱਸ ਪੀ ਦਾ ਤਬਾਦਲਾ ਕਰਨ ਤੇ ਹਮਲੇ ਵਿੱਚ ਸ਼ਾਮਿਲ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਰਨਲ ਨੂੰ ਆਪਣਾ ਪਰਚਾ ਦਰਜ ਕਰਵਾਉਣ ਲਈ ਗਵਰਨਰ ਕੋਲ ਜਾਣਾ ਪਿਆ ਹੈ , ਇਹ ਵੀ ਪੁਲਸ ਦੀ ਕਾਰਗੁਜਾਰੀ ਸਪਸ਼ਟ ਕਰਦੀ ਹੈ। ਇਸ ਧਰਨੇ ਦੌਰਾਨ ਭਾਜਪਾ ਆਗੂ ਜੈਇੰਦਰ ਕੌਰ ਵਲੋਂ ਪੁਸ਼ਪਿੰਦਰ ਸਿੰਘ ਬਾਠ ਦੇ ਮਾਮਲੇ ਚ ਸਖਤ ਕਾਰਵਾਈ ਸਬੰਧੀ ਐੱਸ ਐੱਸ ਪੀ ਨੂੰ ਮੰਗ ਪੱਤਰ ਦਿੱਤਾ ਗਿਆ। ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਮੈਨੂੰ ਪੰਜਾਬ ਸਰਕਾਰ ਦੀ ਕਾਰਵਾਈ ਉੱਤੇ ਭਰੋਸਾ ਨਹੀਂ ਹੈ, ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਜਦੋਂ ਤੱਕ ਮਾਮਲੇ ਸਬੰਧੀ ਸੀਬੀਆਈ ਦੇ ਹੱਥ ਜਾਂਚ ਨਹੀਂ ਜਾਂਦੀ ਉਦੋਂ ਤਕ ਸਾਡਾ ਇਹ ਧਰਨਾ ਜਾਰੀ ਰਹੇਗਾ। ਮੈਂ ਹੁਣ ਹਰ ਇੱਕ ਪਰਿਵਾਰ ਦੇ ਨਾਲ ਖੜ੍ਹਾਂਗੀ, ਜਿਸ ਨੂੰ ਇਨਸਾਫ਼ ਨਹੀਂ ਮਿਲਿਆ ਹੈ।
ਸਾਬਕਾ ਸਾਂਸਦ ਪ੍ਰਨੀਤ ਕੌਰ ਦਾ ਬਿਆਨ
ਇਸ ਧਰਨੇ ਵਿੱਚ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਪੁੱਜੇ। ਪ੍ਰਨੀਤ ਕੌਰ ਨੇ ਕਿਹਾ ਕਿ ਇਹ ਜੋ ਵੀ ਹਾਦਸਾ ਹੋਇਆ ਹੈ, ਇਸ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ। ਮੈਂ ਅੱਜ ਰਾਜਨੀਤਿਕ ਤੌਰ ਉੱਤੇ ਨਹੀਂ ਸਗੋਂ ਸਾਬਕਾ ਫੌਜੀ ਦੀ ਪਤਨੀ ਹੋਣ ਦੇ ਨਾਅਤੇ ਇੱਥੇ ਆਈ ਹਾਂ। ਜੋ ਵੀ ਇੱਥੇ ਲੋਕ ਆ ਰਹੇ ਹਨ, ਉਨ੍ਹਾਂ ਨਾਲ ਵੀ ਕੋਈ ਨਾ ਕੋਈ ਵਧੀਕੀ ਹੋਈ ਹੈ। ਮਾਮਲੇ ਵਿੱਚ ਇੱਕ ਜਾਂਚ ਕਮੇਟੀ ਹੋਣੀ ਚਾਹੀਦੀ ਹੈ, ਜਿਸ ਵਿੱਚ ਪੁਲਿਸ, ਫੌਜੀ ਅਤੇ ਜੱਜ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਨਿਰਪੱਖ ਜਾਂਚ ਹੋ ਸਕੇ।
ਵਿਸ਼ੇਸ਼ ਜਾਂਚ ਟੀਮ ਗਠਨ
ਇੱਕ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ (SIT) ਜਿਸ ਦੀ ਅਗਵਾਈ ਐੱਸਪੀਐੱਸ ਪਰਮਾਰ, ਆਈਪੀਐੱਸ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਲਾਅ ਐਂਡ ਆਰਡਰ, ਪੰਜਾਬ, ਅਤੇ ਸਮੇਤ ਸੰਦੀਪ ਮਲਿਕ, ਆਈਪੀਐੱਸ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਅਤੇ ਮਨਪ੍ਰੀਤ ਸਿੰਘ, ਪੀਪੀਐੱਸ, ਪੁਲਿਸ ਸੁਪਰਡੈਂਟ, ਦਿਹਾਤੀ, ਐੱਸਏਐੱਸ ਨਗਰ, ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਵੱਲੋਂ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਨ ਲਈ ਗਠਿਤ ਕੀਤਾ ਗਿਆ ਹੈ। ਐੱਸਆਈਟੀ ਨੂੰ ਸਬੂਤ ਇਕੱਠੇ ਕਰਨ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਰੋਜ਼ਾਨਾ ਆਧਾਰ 'ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ।