ਕਰਨਲ ਕੁੱਟਮਾਰ ਮਾਮਲੇ ‘ਚ ਸਾਬਕਾ ਸੈਨਿਕਾਂ ਦੇ ਵਫ਼ਦ ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨਾਲ ਕੀਤੀ ਮੁਲਾਕਾਤ

  • ਸੰਸਦ ਮੈਂਬਰ ਨੇ ਨਿਆਂ ਦਾ ਦਿੱਤਾ ਭਰੋਸਾ

ਹੁਸ਼ਿਆਰਪੁਰ 22 ਮਾਰਚ 2025 : ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨੂੰ ਕੁਝ ਦਿਨ ਪਹਿਲਾਂ ਪਟਿਆਲਾ ਵਿਖੇ ਭਾਰਤੀ ਫੌਜ ਦੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਹਰ ਹਾਲ ਨਿਆਂ ਦਾ ਭਰੋਸਾ ਦਿੱਤਾ। ਅੱਜ ਇੱਥੇ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਦੇ ਇੱਕ ਵਫ਼ਦ ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨਾਲ ਮੁਲਾਕਾਤ ਕੀਤੀ ਅਤੇ ਕਰਨਲ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ  ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਲਈ ਇੱਕ ਮੰਗ ਪੱਤਰ ਸੌਂਪਿਆ। ਫੌਜ ਦੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ  ਸਮੁੱਚਾ ਦੇਸ਼ ਸਾਡੀਆਂ ਬਹਾਦਰ ਫੌਜਾਂ ਅਤੇ ਦੇਸ਼ ਪ੍ਰਤੀ ਉਨਾਂ ਦੇ ਅਡੋਲ ਜਜ਼ਬੇ ਨੂੰ ਦਿਲੋਂ ਸਲਾਮ ਕਰਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੇ ਮਾਮਲਿਆਂ ‘ਤੇ ਜ਼ੀਰੋ-ਟਾਲਰੈਂਸ ਰੱਖਦੀ ਹੈ। ਉਨਾਂ ਨੇ ਇਸ ਮੰਦਭਾਗੀ ਘਟਨਾ ‘ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਭਰੋਸਾ ਦਿੱਤਾ ਕਿ ਲੋੜੀਂਦੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਜਾਂਚ ਨੂੰ ਤਰਕਪੂਰਨ ਸਿੱਟੇ ‘ਤੇ ਲਿਜਾਣ ਲਈ ਇੱਕ ਉੱਚ ਪੱਧਰੀ ਐਸ.ਆਈ.ਟੀ. ਬਣਾਈ ਗਈ ਹੈ। ਡਾ. ਚੱਬੇਵਾਲ ਨੇ ਇਹ ਵੀ ਦੱਸਿਆ ਕਿ ਏ.ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਉੱਚ ਪੱਧਰੀ ਜਾਂਚ ਟੀਮ ਰੋਜ਼ਾਨਾ ਜਾਂਚ ਕਰੇਗੀ ਤਾਂ ਜੋ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਡਾ. ਚੱਬੇਵਾਲ ਨੇ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਸਾਰੇ 12 ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨਾਂ ਸਾਰੇ ਅਧਿਕਾਰੀਆਂ ਦਾ ਜ਼ਿਲੇ ਤੋਂ ਬਾਹਰ ਤਬਾਦਲਾ ਕੀਤਾ ਜਾ ਰਿਹਾ ਹੈ ਤਾਂ ਜੋ ਇਨਸਾਫ ਯਕੀਨੀ ਬਣਾਇਆ ਜਾ ਸਕੇ। ਵਫ਼ਦ ਦੇ ਮੈਂਬਰਾਂ ਵਿੱਚ ਲੈਫਟੀਨੈਂਟ ਜਨਰਲ (ਸੇਵਾਮੁਕਤ) ਵੀ.ਐਸ.ਐਮ. ਜੇ.ਐਸ. ਢਿੱਲੋਂ, ਪ੍ਰਧਾਨ ਕੈਪਟਨ ਜਤਿੰਦਰ ਸਿੰਘ, ਕਰਨਲ ਮਾਲਾਸੂ ਸਿੰਘ, ਕਰਨਲ ਡੀ.ਜੇ.ਐਸ. ਪਟਿਆਲ, ਕਰਨਲ ਪੀ.ਐਸ. ਮਨਹਾਸ ਸ਼ਾਮਲ ਸਨ। ਕਰਨਲ ਐਮ.ਜੀ. ਆਹਲੂਵਾਲੀਆ, ਕਰਨਲ ਕਰਨ ਸਿੰਘ, ਆਰ.ਪੀ.ਓ. ਪ੍ਰਦੀਪ ਕੁਮਾਰ, ਸੁਰਿੰਦਰ ਸ਼ਰਮਾ ਵੀ ਇਸ ਮੌਕੇ ਮੌਜੂਦ ਸਨ ।