ਅਮਰੀਕਾ ‘ਚ ਗ੍ਰੀਨ ਕਾਰਡ ਲਈ ਵਿਆਹ ਕਰਾਉਣ ਵਾਲੇ ਨੂੰ ਹੋਵੇਗੀ ਪੰਜ ਸਾਲ ਤੱਕ ਦੀ ਕੈਦ ਤੇ ਭਾਰੀ ਜੁਰਮਾਨਾ 

ਵਾਸਿੰਗਟਨ, 22 ਮਾਰਚ 2025 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਟਰੰਪ ਉਨ੍ਹਾਂ ਪ੍ਰਵਾਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਜੋ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਨਾਲ ਵਿਆਹ ਕਰਦੇ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਇਸ ਨੂੰ ਸੰਘੀ ਅਪਰਾਧ ਕਰਾਰ ਦਿਤਾ ਹੈ ਅਤੇ ਦੋਸ਼ੀ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿਤੀ ਹੈ। ਏਜੰਸੀ ਨੇ ਕਿਹਾ ਕਿ ਜੋ ਵੀ ਵਿਅਕਤੀ ਜਾਣਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਕਿਸੇ ਵੀ ਪ੍ਰਬੰਧ ਤੋਂ ਬਚਣ ਲਈ ਵਿਆਹ ਕਰਦਾ ਹੈ, ਉਸਨੂੰ ਵਿਆਹ ਧੋਖਾਧੜੀ ਕਾਨੂੰਨ ਦੀ ਧਾਰਾ 1325(c) ਦੇ ਤਹਿਤ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ, ਇਸ ਦੇ ਨਾਲ ਹੀ 2.17 ਕਰੋੜ ਰੁਪਏ ਤੱਕ ਜੁਰਮਾਨਾ ਅਤੇ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ। ਅਮਰੀਕਾ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਵਿਆਹ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਵਿਦੇਸ਼ੀ ਨਾਗਰਿਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਅਮਰੀਕੀ ਕੁੜੀਆਂ ਨਾਲ ਵਿਆਹ ਕਰਦੇ ਹਨ ਅਤੇ ਫਿਰ ਤਲਾਕ ਲੈ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਮਾਮਲਿਆਂ ਵਿੱਚ ਅਮਰੀਕੀ ਨਾਗਰਿਕ ਪੈਸਿਆਂ ਲਈ ਵਿਆਹ ਕਰਦੇ ਹਨ ਅਤੇ ਫਿਰ ਬਾਅਦ ਵਿੱਚ ਤਲਾਕ ਲੈ ਲੈਂਦੇ ਹਨ। ਟਰੰਪ ਪ੍ਰਸ਼ਾਸਨ ਅਨੁਸਾਰ ਹੁਣ ਜੇਕਰ ਕੋਈ ਵਿਦੇਸ਼ੀ ਅਜਿਹਾ ਕਰਦਾ ਹੈ, ਤਾਂ ਉਸਨੂੰ ਕਰੋੜਾਂ ਰੁਪਏ ਦਾ ਜੁਰਮਾਨਾ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਜੰਸੀ ਨੇ ਆਮ ਲੋਕਾਂ ਨੂੰ ਵਿਆਹ ਦੀ ਧੋਖਾਧੜੀ ਵਿੱਚ ਸ਼ਾਮਲ ਲੋਕਾਂ ਜਾਂ ਇਮੀਗ੍ਰੇਸ਼ਨ ਦਾ ਗਲਤ ਫਾਇਦਾ ਉਠਾਉਣ ਵਾਲਿਆਂ ਬਾਰੇ ਸੁਰਾਗ ਦੇਣ ਲਈ ਵੀ ਕਿਹਾ ਹੈ।