
- ਸਰਕਾਰ ਵੱਲੋਂ ਸਰਕਾਰੀ ਐਮ ਆਰ ਕਾਲਜ ਵਿਚ 27 ਪ੍ਰੋਫੈਸਰਾਂ ਦੀ ਕੀਤੀ ਗਈ ਨਿਯੁਕਤੀ,ਵਿਧਾਇਕ ਵੱਲੋਂ ਨਵ ਨਿਯੁਕਤ ਪ੍ਰੋਫੈਸਰਾਂ ਨੂੰ ਦਿੱਤੀ ਗਈ ਵਧਾਈ।
- ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਦਾਖਲਾ ਲੈਣ ਦੀ ਕੀਤੀ ਅਪੀਲ।
ਫਾਜ਼ਿਲਕਾ 12 ਮਈ 2025 : ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਅੱਜ ਸਥਾਨਕ ਐਮ ਆਰ ਸਰਕਾਰੀ ਕਾਲਜ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਹਨਾਂ ਨੇ ਇੱਥੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਕੀਤੇ ਗਏ 27 ਪ੍ਰੋਫੈਸਰਾਂ ਨੂੰ ਮਿਲ ਕੇ ਵਧਾਈ ਦਿੱਤੀ। ਇਸ ਦੌਰਾਨ ਉਨਾਂ ਨੇ ਕਿਹਾ ਕਿ ਸਰਕਾਰੀ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿਚ ਕਾਫੀ ਸਾਲਾਂ ਤੋਂ ਰੈਗੂਲਰ ਪ੍ਰੋਫੈਸਰਾਂ ਦੀ ਬਹੁਤ ਵੱਡੀ ਘਾਟ ਸੀ,ਇਸ ਘਾਟ ਨੂੰ ਪੂਰਾ ਕਰਨ ਲਈ ਪਿੱਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ।ਹੁਣ ਪ੍ਰੋਫੈਸਰਾਂ ਦੀ ਘਾਟ ਨੂੰ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾ ਕੇਵਲ ਸਕੂਲੀ ਸਿੱਖਿਆ ਵਿੱਚ ਵੱਡੇ ਸੁਧਾਰ ਕਰ ਰਹੀ ਹੈ ਬਲਕਿ ਉਚੇਰੀ ਸਿੱਖਿਆ ਵਿੱਚ ਵੀ ਕ੍ਰਾਂਤੀਕਾਰੀਆਂ ਤਬਦੀਲੀਆਂ ਕਰਦੇ ਹੋਏ ਲੰਬੇ ਸਮੇਂ ਬਾਅਦ ਕਾਲਜਾਂ ਵਿੱਚ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਗਈ ਹੈ। ਵਿਧਾਇਕ ਨੇ ਕਿਹਾ ਕਿ ਨਵੇਂ ਪ੍ਰੋਫੈਸਰ ਆਉਣ ਨਾਲ ਹੁਣ ਕਾਲਜ ਵਿੱਚ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਮਿਲ ਸਕੇਗੀ। ਉਨਾਂ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਕਾਲਜ ਵਿੱਚ ਬੀਐਸਸੀ ਨਾਨ ਮੈਡੀਕਲ, ਬੀਸੀਏ ਅਤੇ ਬੀਏ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਸੋ ਇਹਨਾਂ ਕੋਰਸਾਂ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਦਾਖਲਾ ਲੈਣ। ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਕਾਲਜਾਂ ਦੇ ਮੁਕਾਬਲੇ ਸਰਕਾਰੀ ਕਾਲਜ ਦੀ ਫੀਸ ਨਾ ਮਾਤਰ ਹੀ ਹੁੰਦੀ ਹੈ ਅਤੇ ਇੱਥੇ ਹੁਣ ਪ੍ਰੋਫੈਸਰ ਵੀ ਤਾਇਨਾਤ ਕਰ ਦਿੱਤੇ ਗਏ ਹਨ। ਇਸ ਲਈ ਵੱਧ ਤੋਂ ਵੱਧ ਵਿਦਿਆਰਥੀ ਸਰਕਾਰੀ ਕਾਲਜ ਵਿਖੇ ਦਾਖਲਾ ਲੈਣ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਕਾਲਜ ਨੂੰ ਹੋਰ ਵੀ ਬਿਹਤਰ ਕਰਨ ਲਈ ਪੰਜਾਬ ਸਰਕਾਰ ਦੇ ਉਪਰਾਲੇ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਪੁਰਾਤਨ ਕਾਲਜ ਨੂੰ ਜਿਲੇ ਦਾ ਪ੍ਰਮੁੱਖ ਕਾਲਜ ਬਣਾਇਆ ਜਾਵੇਗਾ।