
- ਕਿਹਾ, ਮਰੀਜ਼ਾਂ ਦੇ ਟੈਸਟ ਵੀ ਹੋਣ ਲੱਗੇ; ਹੁਣ ਮਰੀਜ਼ਾਂ ਨੂੰ ਘਰਾਂ ਨੇੜੇ ਮਾਹਰ ਡਾਕਟਰਾਂ ਦੀ ਸੇਵਾਵਾਂ ਵੀ ਮਿਲਣਗੀਆਂ
- ਸਿਹਤ ਮੰਤਰੀ ਨੇ ਘਨੌਰ ਸਿਵਲ ਹਸਪਤਾਲ ਤੇ ਲੋਹ ਸਿੰਬਲੀ ਵੈਂਲਨੈਸ ਸੈਂਟਰ ਤੇ ਪੇਂਡੂ ਡਿਸਪੈਂਸਰੀ ਦਾ ਗਰਾਊਂਡ ਜ਼ੀਰੋ 'ਤੇ ਜਾ ਕੇ ਜਾਣਿਆ ਹਾਲ
- ਸਿਹਤ ਸੇਵਾਵਾਂ 'ਚ ਲੱਗੇ ਅਮਲੇ ਦੀ ਡਿਊਟੀ 'ਚ ਕੁਤਾਹੀ ਬਰਦਾਸ਼ਤ ਨਹੀਂ : ਸਿਹਤ ਮੰਤਰੀ
ਘਨੌਰ, 12 ਮਈ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਹਰੇਕ ਸਰਕਾਰੀ ਹਸਪਤਾਲ, ਡਿਸਪੈਂਸਰੀ ਤੇ ਸਿਹਤ ਕੇਂਦਰ ਵਿੱਚ ਮਰੀਜ਼ਾਂ ਲਈ ਮੁਫ਼ਤ ਦਵਾਈਆਂ ਉਪਲਬੱਧ ਕਰਵਾ ਦਿੱਤੀਆਂ ਹਨ। ਅੱਜ ਘਨੌਰ ਕਮਿਊਨਿਟੀ ਹੈਲਥ ਸੈਂਟਰ ਅਤੇ ਲੋਹ ਸਿੰਬਲੀ ਪੇਂਡੂ ਡਿਸਪੈਂਸਰੀ ਤੇ ਹੈਲਥ ਵੈਲਨੈਸ ਸੈਂਟਰ ਦਾ ਅਚਨਚੇਤ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਨੇ ਦੂਰ ਦੁਰਾਡੇ ਦੇ ਇਨ੍ਹਾਂ ਸਿਹਤ ਸੇਵਾ ਕੇਂਦਰਾਂ ਦਾ ਜ਼ਮੀਨੀ ਪੱਧਰ 'ਤੇ ਹਾਲ ਜਾਣਿਆ। ਇਸ ਮੌਕੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਫੀਡ ਬੈਕ ਹਾਸਲ ਕੀਤੀ ਅਤੇ ਇਸ ਗੱਲ 'ਤੇ ਤਸੱਲੀ ਦਾ ਇਜ਼ਹਾਰ ਕੀਤਾ ਕਿ ਮਰੀਜ਼ ਰਾਜ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਬਿਹਤਰ ਸਿਹਤ ਸੇਵਾਵਾਂ ਤੋਂ ਖੁਸ਼ ਹਨ। ਉਨ੍ਹਾਂ ਨੇ ਮਰੀਜ਼ਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸੁਪਨੇ ਮੁਤਾਬਕ ਹੁਣ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਨਾਲ ਨਾਲ ਟੈਸਟਾਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਅਗਲੇ ਪੜਾਅ ਵਿੱਚ ਅੱਖ, ਨੱਕ, ਕੰਨ, ਗਲੇ, ਚਮੜੀ, ਬੱਚਿਆਂ, ਔਰਤਾਂ, ਸਰਜਰੀ, ਹੱਡੀਆਂ, ਬੇਹੋਸ਼ ਕਰਨ ਵਾਲੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵੀ ਲੋਕਾਂ ਦੇ ਘਰਾਂ ਦੇ ਨੇੜਲੇ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਹਫ਼ਤਾਵਾਰੀ ਰੋਸਟਰ ਬਣਾ ਕੇ ਪ੍ਰਦਾਨ ਕੀਤੀਆਂ ਜਾਣਗੀਆਂ। ਡਾ. ਬਲਬੀਰ ਸਿੰਘ ਨੇ ਘਨੌਰ ਹਸਪਤਾਲ ਵਿਖੇ ਦਵਾਈਆਂ ਵਾਲੀ ਥਾਂ 'ਤੇ ਮਰੀਜ਼ਾਂ ਲਈ ਛਾਂ ਵਾਸਤੇ ਤੁਰੰਤ ਸ਼ੈਡ ਪਾਉਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਲੋਹ ਸਿੰਬਲੀ ਵਿਖੇ ਡਾਕਟਰ ਤੇ ਫਾਰਮਾਸਿਸਟ ਦੀ ਗੈਰ ਮੌਜੂਦਗੀ ਦਾ ਨੋਟਿਸ ਲੈਂਦਿਆਂ ਸਪਸ਼ਟ ਕੀਤਾ ਕਿ ਸਿਹਤ ਸੇਵਾ ਖੇਤਰ ਵਿੱਚ ਕੰਮ ਕਰ ਰਹੇ ਅਮਲੇ ਭਾਵੇਂ ਉਹ ਡਾਕਟਰ, ਨਰਸਿੰਗ ਸਟਾਫ਼ ਜਾਂ ਫਾਰਮਾਸਿਸਟ ਹੋਵੇ ਦੀ ਡਿਊਟੀ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਸਮਰੱਥ ਅਥਾਰਟੀ ਤੋਂ ਰਿਪੋਰਟ ਵੀ ਤਲਬ ਕੀਤੀ। ਡਾ. ਬਲਬੀਰ ਸਿੰਘ ਨੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਕ ਹਜ਼ਾਰ ਡਾਕਟਰਾਂ ਸਮੇਤ ਨਰਸਿੰਗ ਅਮਲੇ ਦੀ ਵੀ ਭਰਤੀ ਕੀਤੀ ਜਾ ਰਹੀ ਹੈ। ਇਸ ਨਾਲ ਮਰੀਜ਼ਾਂ ਨੂੰ ਹੋਰ ਬਿਹਤਰ ਸੇਵਾਵਾਂ ਪ੍ਰਦਾਨ ਹੋਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਉਹ ਇਸੇ ਤਰ੍ਹਾਂ ਹਰ ਇਕ ਸਿਹਤ ਕੇਂਦਰ ਵਿੱਚ ਜਾ ਕੇ ਜਾਇਜ਼ਾ ਲੈਂਦੇ ਰਹਿਣਗੇ।