
- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤੇਲੰਗਾਨਾ ਦੇ ਵਣਜਾਰਾ ਸਿੱਖਾਂ ਦੇ ਪਿੰਡ ਗੱਚੂਬਾਈ ਟਾਂਡਾ ਵਿਖੇ ਕੀਤਾ ਸਿੱਖੀ ਪ੍ਰਚਾਰ
ਰੰਗਾਰੇਡੀ, 12 ਮਈ 2025 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤੇਲੰਗਾਨਾ ਸੂਬੇ ਦੇ ਹੈਦਰਾਬਾਦ ਸ਼ਹਿਰ ਨੇੜੇ ਰੰਗਾਰੇਡੀ ਜ਼ਿਲ੍ਹੇ ਵਿੱਚ ਪੈਂਦੇ ਵਣਜਾਰਾ ਸਿੱਖਾਂ ਦੇ ਪਿੰਡ ਗੱਚੂਬਾਈ ਟਾਂਡਾ ਪੁੱਜ ਕੇ ਬੀਤੇ ਦਿਨੀਂ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਤਹਿਤ ਸਿੱਖੀ ਦਾ ਪ੍ਰਚਾਰ ਕੀਤਾ। ਗੱਚੂਬਾਈ ਟਾਂਡਾ ਵਿਖੇ ਲਗਭਗ 500 ਸਿੱਖ ਵੱਸਦੇ ਹਨ ਜੋ ਸਾਬਤ ਸੂਰਤ ਤੇ ਸਿੱਖੀ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਇੱਥੋਂ ਦੀ ਸਿੱਖ ਸੰਗਤ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਆਮਦ ਉੱਤੇ ਪਿੰਡ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿਖੇ ਹੈਦਰਾਬਾਦ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ, ਜਿਸ ਦੌਰਾਨ ਅਮੀਰਪੇਟ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਵੀਰ ਸਿੰਘ ਦੇ ਜਥੇ ਅਤੇ ਪਿੰਡ ਦੀਆਂ ਸਿੱਖ ਬੱਚੀਆਂ ਨੇ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ। ਸਮਾਗਮ ਉਪਰੰਤ ਜਥੇਦਾਰ ਗੜਗੱਜ ਨੇ ਖੁਦ ਅਰਦਾਸ ਕਰਕੇ ਨਗਰ ਦੇ ਨਾਲ-ਨਾਲ ਇੱਥੋਂ ਦੇ ਸਿੱਖਾਂ ਦੀ ਚੜ੍ਹਦੀ ਕਲਾ ਲਈ ਬੇਨਤੀ ਕੀਤੀ। ਸਮਾਗਮ ਦੀ ਸਮਾਪਤੀ ਮੌਕੇ ਜਥੇਦਾਰ ਗੜਗੱਜ ਨੇ ਪਿੰਡ ਦੇ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਗੁਰਮੁਖੀ ਪੰਜਾਬੀ ਦੇ ਕਾਇਦੇ ਵੰਡੇ ਅਤੇ ਉਨ੍ਹਾਂ ਨੂੰ ਗੁਰਮੁਖੀ ਸਿੱਖ ਕੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਗਾਏ ਗਏ, ਜਿਸ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਸੇਵਾ ਕਰਕੇ ਸੰਗਤ ਨੂੰ ਪ੍ਰਸ਼ਾਦੇ ਵਰਤਾਏ। ਸਮਾਗਮ ਤੋਂ ਬਾਅਦ ਪਿੰਡ ਦੇ ਸਿੱਖਾਂ ਨੇ ਜਥੇਦਾਰ ਗੜਗੱਜ ਨਾਲ ਲੰਮਾ ਸਮਾਂ ਵਿਚਾਰਾਂ ਕੀਤੀਆਂ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਪਿੰਡ ਦੇ ਸਿੱਖਾਂ ਨੇ ਜਥੇਦਾਰ ਗੜਗੱਜ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਗੁਰਮਤਿ ਸੰਗੀਤ, ਗੁਰਮੁਖੀ ਪੰਜਾਬੀ ਤੇ ਗੱਤਕਾ ਸਿਖਲਾਈ ਲਈ ਅਧਿਆਪਕ, ਇਸ ਖੇਤਰ ਵਿੱਚ ਸਿੱਖੀ ਦੇ ਪ੍ਰਚਾਰ ਲਈ ਪ੍ਰਚਾਰਕ ਸਿੰਘਾਂ ਤੇ ਬੱਚਿਆਂ ਦੀਆਂ ਸਕੂਲ ਫੀਸਾਂ ਅਦਾ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਜਥੇਦਾਰ ਗੜਗੱਜ ਨੇ ਵਿਚਾਰ ਗੌਰ ਨਾਲ ਸੁਣੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਉਠਾਏ ਮਾਮਲਿਆਂ ਉੱਤੇ ਵਿਚਾਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਿਸ਼ਵ ਭਰ ਵਿੱਚ ਵੱਸਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਪ੍ਰਾਪਤ ਹੋਈ ਹੈ ਕਿ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵੀ ਦੱਖਣ ਵਿੱਚ ਗੱਚੂਬਾਈ ਟਾਂਡਾ ਵਿਖੇ ਸਿੱਖੀ ਦੀ ਚੜ੍ਹਦੀ ਕਲਾ ਹੈ ਜੋ ਕਿ ਸਮੁੱਚੇ ਸਿੱਖ ਜਗਤ ਲਈ ਪ੍ਰੇਰਣਾਸਰੋਤ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਵਿੱਚ ਪੁੱਜਣ ਉੱਤੇ ਛੋਟੇ-ਛੋਟੇ ਸਾਬਤ ਸੂਰਤ ਬੱਚਿਆਂ, ਬੀਬੀਆਂ ਅਤੇ ਸਿੰਘਾਂ ਨੂੰ ਗੁਰੂ ਸਿਧਾਂਤ ਤੇ ਮਰਯਾਦਾ ਅਨੁਸਾਰ ਸੰਗਤੀ ਰੂਪ ਵਿੱਚ ਗੁਰੂ ਕੇ ਲੰਗਰ ਦੀਆਂ ਸੇਵਾਵਾਂ ਕਰਦਿਆਂ ਦੇਖ ਕੇ ਉਹ ਬਹੁਤ ਪ੍ਰਭਾਵਿਤ ਤੇ ਖੁਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਪਿੰਡਾਂ ਅੰਦਰ ਸਿੱਖ ਸੰਸਕਾਰਾਂ, ਭੋਗਾਂ, ਗੁਰਮਤਿ ਸਮਾਗਮਾਂ ਦੌਰਾਨ ਇਸ ਤਰ੍ਹਾਂ ਸੰਗਤੀ ਰੂਪ ਵਿੱਚ ਲੰਗਰ ਦੀਆਂ ਸੇਵਾਵਾਂ ਕਰਨ ਦੀ ਰਵਾਇਤ ਘਟਦੀ ਜਾ ਰਹੀ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਅੱਜ ਸਿੱਖ ਆਪਣੇ ਸੰਸਕਾਰਾਂ, ਭੋਗਾਂ ਤੇ ਗੁਰਮਤਿ ਸਮਾਗਮਾਂ ਦੌਰਾਨ ਲੰਗਰ ਵੀ ਪੈਸੇ ਦੇ ਕੇ ਲਾਂਗਰੀਆਂ ਤੋਂ ਤਿਆਰ ਕਰਵਾ ਰਹੇ ਹਨ ਜਿਸ ਵਿੱਚ ਅਕਸਰ ਹੀ ਸਿੱਖ ਮਰਯਾਦਾ ਦਾ ਖਿਆਲ ਵੀ ਨਹੀਂ ਰੱਖਿਆ ਜਾ ਰਿਹਾ ਅਤੇ ਇਹ ਸੇਵਾ ਦੇ ਸਿਧਾਂਤ ਨੂੰ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਲੰਗਰ ਤੇ ਸੇਵਾ ਦੇ ਸਿਧਾਂਤ ਵਿੱਚ ਸਿੱਖਾਂ ਵੱਲੋਂ ਖੁਦ ਸੇਵਾ ਕੀਤੇ ਜਾਣ ਦਾ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਸੇਵਾ ਨਾਲ ਸਾਡੇ ਮਨ ਅੰਦਰ ਗੁਰੂ ਪ੍ਰਤੀ ਪ੍ਰੇਮ ਵਧਦਾ ਹੈ ਅਤੇ ਈਰਖਾ, ਦਵੇਸ਼, ਹੰਕਾਰ ਦੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਅਸੀਂ ਸਿੱਖੀ ਰਵਾਇਤਾਂ ਵੱਲ ਮੁੜੀਏ ਅਤੇ ਗੁਰੂ ਸਿਧਾਂਤ ਉੱਤੇ ਡਟ ਕੇ ਪਹਿਰਾ ਦਈਏ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰਕੇ ਧਰਤੀ ਦੇ ਵੱਖ-ਵੱਖ ਕੋਨਿਆਂ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਦੱਖਣ ਦੇ ਖੇਤਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਖ਼ਤ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਆਸ ਪਾਸ ਰਹੇ। ਇਸ ਇਲਾਕੇ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਜਿਨ੍ਹਾਂ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਧਾਰਨ ਕੀਤਾ ਉਹ ਗੁਰੂ ਦੇ ਸ਼ਬਦ ਦੇ ਮਾਧਿਅਮ ਰਾਹੀਂ ਗੁਰੂ ਨਾਲ ਜੁੜੇ ਰਹੇ ਹਨ। ਜਥੇਦਾਰ ਗੜਗੱਜ ਨੇ ਗੱਚੂਬਾਈ ਟਾਂਡਾ ਦੀ ਸੰਗਤ ਨੂੰ ਕਿਹਾ ਕਿ ਤੁਹਾਡੇ ਛੋਟੇ-ਛੋਟੇ ਬੱਚਿਆਂ ਤੇ ਨੌਜਵਾਨਾਂ ਨੇ ਸੁੰਦਰ ਦਸਤਾਰਾਂ ਸਜਾਈਆਂ ਹਨ ਅਤੇ ਗੁਰੂ ਦੀ ਸਿੱਖੀ ਨੂੰ ਬਹੁਤ ਚੰਗੇ ਤਰੀਕੇ ਨਾਲ ਧਾਰਨ ਕੀਤਾ ਹੈ, ਜੋ ਕਿ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਤੋਂ ਬਹੁਤ ਦੂਰ ਰਹਿ ਕੇ ਵੀ ਗੁਰੂ ਦੀ ਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋ, ਇਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਉਨ੍ਹਾਂ ਅਰਦਾਸ ਕੀਤੀ ਕਿ ਇੱਥੋਂ ਦੇ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਗੁਰੂ ਨਾਲ ਇਸੇ ਤਰ੍ਹਾਂ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਅਸੀਂ ਖ਼ਾਲਸਾ ਪੰਥ ਵਜੋਂ ਸਾਰੇ ਇੱਕ ਸਾਂਝਾ ਪਰਿਵਾਰ ਹਾਂ। ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਤੇਲੰਗਾਨਾ ਦੇ ਵਣਜਾਰਾ ਸਿੱਖ ਪੰਜਾਬ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਰੇਲ ਦੇ ਕਿਰਾਏ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸਿੱਖਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਅੰਦਰ ਵੱਧ ਤੋਂ ਵੱਧ ਆ ਕੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ। ਜਥੇਦਾਰ ਗੜਗੱਜ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਰਵਿੰਦਰ ਸਿੰਘ ਜੋ ਕਿ ਇਸੇ ਪਿੰਡ ਦੇ ਹੀ ਹਨ, ਉਨ੍ਹਾਂ ਦੀ ਸ਼ਲਾਘਾ ਕੀਤੀ ਕਿ ਉਹ ਲਗਾਤਾਰ ਗੁਰੂ ਘਰ ਦੀਆਂ ਸੇਵਾ ਨਿਭਾਉਂਦੇ ਹੋਏ ਇੱਥੋਂ ਦੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮੁਖੀ ਨਾਲ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾ ਹੀ ਇਨ੍ਹਾਂ ਸਿੱਖਾਂ ਦੇ ਨਾਲ ਖੜ੍ਹਾ ਹੈ ਅਤੇ ਇਨ੍ਹਾਂ ਨੂੰ ਸਿੱਖੀ ਨਾਲ ਜੋੜੇ ਰੱਖਣ ਲਈ ਹਰ ਸੰਭਵ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਦੱਖਣ ਦੇ ਖੇਤਰ ਵਿੱਚ ਆਉਂਦੇ ਰਹਿਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਸ. ਲਖਵਿੰਦਰ ਸਿੰਘ, ਸਕੱਤਰ ਸ. ਭਗਤ ਸਿੰਘ, ਗ੍ਰੰਥੀ ਗਿਆਨੀ ਰਵਿੰਦਰ ਸਿੰਘ, ਹੈਦਰਾਬਾਦ ਤੋਂ ਸ. ਗੁਰਜੀਤ ਸਿੰਘ, ਡਾ. ਬਿਮਲ ਸਿੰਘ, ਡਾ. ਅਵਨੀਤ ਬਿਮਲ ਸਿੰਘ, ਸਿੰਘ ਸਾਹਿਬ ਦੇ ਨਾਲ ਸ. ਬਰਜਿੰਦਰ ਸਿੰਘ ਹੁਸੈਨਪੁਰ, ਪ੍ਰਚਾਰਕ-ਕਮ-ਇੰਚਾਰਜ ਸ. ਰਾਜਪਾਲ ਸਿੰਘ, ਸ. ਹਰਪ੍ਰੀਤ ਸਿੰਘ ਕਾਹਲੋਂ, ਸ. ਜਸਕਰਨ ਸਿੰਘ ਮੀਡੀਆ ਸਲਾਹਕਾਰ, ਸ. ਕਰਨਵੀਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੀ ਸੰਗਤ ਹਾਜ਼ਰ ਸੀ।