9 ਸਾਲ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਉੱਦਮੀ ਕਿਸਾਨ : ਭੁਪਿੰਦਰ ਸਿੰਘ

  • ਰੇਤਲੀ ਜ਼ਮੀਨ ਵਿਚ ਜੈਵਿਕ ਮਾਦਾ ਵਧਣ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਹੋਇਆ ਵਾਧਾ

ਫਰੀਦਕੋਟ 22 ਅਕਤੂਬਰ 2024 : ਸਾਲ 2024-25 ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਮਿਥੇ ਟੀਚੇ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਵੱਲੋਂ ਵੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲਣ ਦੀ ਕਿਸਾਨਾਂ ਅੰਦਰ ਰੁਚੀ ਵਧ ਰਹੀ ਹੈ। ਅਜਿਹੇ ਕਿਸਾਨਾਂ ਵਿੱਚ ਪਿੰਡ ਗੁੰਮਟੀ ਖੁਰਦ ਦਾ ਰਹਿਣਵਾਲਾ ਅਗਾਂਹਵਧੂ ਕਿਸਾਨ ਸ. ਭੁਪਿੰਦਰ ਸਿੰਘ ਪੁੱਤਰ ਸ. ਮੁਖਤਿਆਰ ਸਿੰਘ ਹੈ ਜੋ ਪਿਛਲੇ 9 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ । ਇਸ ਦੇ ਨਾਲ ਹੀ ਕਣਕ ਦਾ ਮਿਆਰੀ ਬੀਜ ਪੈਦਾ ਕਰਕੇ ਨੈਸ਼ਨਲ ਬੀਜ ਕਾਰਪੋਰੇਸ਼ਨ ਭਾਰਤ ਸਰਕਾਰ ਨੂੰ ਦੇ ਰਿਹਾ ਹੈ ਇਸ ਤਰਾਂ ਇਹ ਕਿਸਾਨ ਦੂਸਰੇ ਕਿਸਾਨਾਂ ਲਈ ਇੱਕ ਮਿਸਾਲ ਬਣ ਕੇ ਕਿਸਾਨਾਂ ਲਈ ਚਾਨਣ ਮੁਨਾਰੇ ਵਜੋਂ ਸਮਾਜ ਵਿਚ ਵਿਚਰ ਰਿਹਾ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ 2016-17 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੋਲੋਂ ਸਬਸਿਡੀ ਤੇ ਹੈਪੀ ਸੀਡਰ ਲਿਆ ਸੀ ਅਤੇ ਪਹਿਲੇ ਸਾਲ ਕੁਝ ਕੁ ਰਕਬੇ ਵਿੱਚ ਕਣਕ ਦੀ ਬਿਜਾਈ ਕਰਕੇ ਤਜ਼ਰਬਾ ਕੀਤਾ ਜੋ ਬਹੁਤ ਹੀ ਕਾਮਯਾਬ  ਰਿਹਾ। ਪਿੰਡ ਦੇ ਆਮ ਕਿਸਾਨਾਂ ਵੱਲੋਂ ਪਹਿਲਾਂ ਮੈਨੂੰ ਨਿਰਉਤਸ਼ਾਹਿਤ ਕੀਤਾ ਗਿਆ ਪ੍ਰੰਤੂ ਸਮਾਂ ਬੀਤਣ ਦੇ ਨਾਲ ਉਹ ਵੀ ਹੈਪੀ ਸੀਡਰ ਦੀ ਮਹੱਤਤਾ ਸਮਝ ਗਏ। ਭੁਪਿੰਦਰ ਸਿੰਘ ਨੇ ਦੱਸਿਆ ਕਿ ਕੰਬਾਈਨ ਹਾਸਵੈਸਟਰ ਨਾਲ ਝੋਨੇ ਦੀ ਕਟਾਈ ਕਰਾਉਣ ਉਪਰੰਤ ਰੀਪਰ ਨਾਲ ਸਾਰੀ ਪਰਾਲੀ ਖੇਤ ਵਿਚ ਇਕਸਾਰ ਖਿਲਾਰ ਦਿੱਤੀ ਜਾਂਦੀ ਹੈ ਅਤੇ ਹੈਪੀ ਸੀਡਰ ਨਾਲ 40 ਕਿਲੋ ਕਣਕ ਦਾ ਬੀਜ ਵਰਤ ਕੇ ਬਿਜਾਈ ਕਰ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਫ਼ਸਲ ਦੇ ਸ਼ਰੁਆਤੀ ਵਾਧੇ ਸਮੇਂ ਖੇਤ ਵਿਚ ਫ਼ਸਲ ਦੇ ਮੁੱਢ ਅਤੇ ਕਰਚੇ ਹੋਣ ਕਾਰਨ ਫ਼ਸਲ ਵਧੀਆ ਨਹੀਂ ਲਗਦੀ ਪ੍ਰੰਤੂ ਪਹਿਲੇ ਪਾਣੀ ਤੋਂ ਬਾਅਦ ਮੁੱਢ ਅਤੇ ਕਰਚੇ ਹੌਲੀ ਹੌਲੀ ਗਲ ਕੇ ਖੇਤ ਵਿਚ ਖਤਮ ਹੋ ਜਾਂਦੇ ਹਨ ਅਤੇ ਫ਼ਸਲ ਬਹੁਤ ਵਧੀਆ ਦਿਸਣ ਲੱਗ ਜਾਂਦੀ ਹੈ।ਉਨਾਂ ਦੱਸਿਆ ਕਿ ਉਸ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦੀ ਕਦੇ ਸਮੱਸਿਆ ਨਹੀਂ ਆਈ ਅਤੇ ਉਹ ਹਮੇਸ਼ਾਂ ਬੀਜ ਨੀ ਕੀਟ ਨਾਸ਼ਕ ਨਾਲ ਸੋਧ ਕੇ ਬੀਜਦਾ ਹੈ। ਉਨਾਂ ਦੱਸਿਆ ਕਿ ਹਰ ਸਾਲ ਕਣਕ ਦੀ ਪੈਦਾਵਾਰ 23 ਤੋਂ 26 ਕੁਇੰਟਲ ਪ੍ਰਤੀ ਏਕੜ ਮਿਲ ਜਾਂਦੀ ਹੈ ਅਤੇ ਬਿਜਾਈ ਤੇ ਖਰਚਾ ਘੱਟ ਹੋਣ ਕਾਰਨ ਸ਼ੁੱਧ ਆਮਦਨ ਵਿੱਚ ਵਾਧਾ ਹੁੰਦਾ ਹੈ। ਉਨਾਂ ਦੱਸਿਆ ਕਿ ਰਾਸ਼ਟਰੀ ਬੀਜ ਸੰਸਥਾ ਨਾਲ ਠੇਕਾ ਹੋਣ ਕਾਰਨ ਸਾਰਾ ਤਿਆਰ ਬੀਜ ਵਾਪਸ ਸੰਸਥਾ ਨੂੰ ਹੀ ਦੇ ਦਿੱਤਾ ਜਾਂਦਾ ਹੈ ਅਤੇ ਮੰਡੀ ਨਾਲੋਂ 350/- ਰੁਪਏ ਪ੍ਰਤੀ ਕੁਇੰਟਲ ਵੱਧ ਮਿਲ ਜਾਂਦੇ ਹਨ। ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਦਾ ਹੈ ਅਤੇ ਉਨਾਂ ਵਲੋਂ ਦਿੱਤੀ ਸਲਾਹ ਅਨੁਸਾਰ ਹੀ ਫ਼ਸਲਾਂ ਦੀ ਸੰਭਾਲ ਕਰਦਾ ਹੈ।ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਨੁੰ ਖੇਤ ਵਿਚ ਸੰਭਾਲਣ ਨਾਲ ਮਿੱਟੀ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ,ਜਿਸ ਕਾਰਨ ਫ਼ਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ  ਦਾ ਹਮਲਾ ਅਤੇ ਖਾਦਾਂ ਦੀ ਖਪਤ ਵਿਚ ਕਮੀ ਆਉਣ ਕਾਰਨ ਸ਼ੁੱਧ ਆਮਦਨ ਵਿੱਚ ਵਾਧਾ ਹੋਇਆ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਬੀਜ ਦਾ ਜੰਮ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਪਰਾਲੀ ਖੇਤ ਵਿੱਚ ਰਹਿਣ ਕਾਰਨ ਮਿੱਟੀ ਵਿੱਚ ਨਮੀ ਬਣੀ ਰਹਿੰਦੀ ਹੈ ਜਦ ਸੁਪਰ ਸੀਡਰ ਨਾਲ ਕਈ ਵਾਰ ਨਮੀ ਘਟਣ ਕਾਰਨ ਕਣਕ ਦੇ ਬੀਜ ਜੰਮ ਘੱਟ ਜਾਂਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ,ਪਰਾਲੀ ਨੂੰ ਖੇਤ ਵਿਚ ਸੰਭਾਲ ਕੇ ਨਵੀਨਤਮ ਮਸੀਨਰੀ ਨਾਲ ਕਣਕ ਦੀ ਬਿਜਾਈ ਕਰਨ । ਇਸ ਦੇ ਨਾਲ ਹੀ ਕਿਸਾਨ ਨੇ ਦੱਸਿਆ ਕਿ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਲਈ ਕੰਮ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਭੁਪਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਸਮੱਸਿਆ ਨਹੀਂ ਸਗੋਂ ਫ਼ਸਲਾਂ ਲਈ ਲੋੜੀਂਦੇ ਖੁਰਾਕੀ ਤੱਤਾਂ ਦਾ ਕੁਦਰਤੀ ਖਜਾਨਾ ਹੈ ਜਿਸ ਨੂੰ ਸਾੜਨ ਦੀ ਬਿਜਾਏ ਖੇਤ ਦੀ ਮਿੱਟੀ ਨੂੰ ਵਾਪਸ ਕਰਨਾ ਚਾਹੀਦਾ। ਉਨਾਂ ਕਿਹਾ ਕਿ ਭੁਪਿੰਦਰ ਸਿੰਘ ਵਾਤਾਵਰਨ ਨੁੰ ਸ਼ੁੱਧ ਰੱਖਣ ਵਿਚ ਬਣਦਾ ਯੋਗਦਾਨ ਪਾ ਰਿਹਾ ਹੈ। ਉਨਾਂ ਦੱਸਿਆ ਕਿ ਅਜਿਹੇ ਕਿਸਾਨਾਂ ਨੁੰ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਸਰਟੀਫਿਕੇਟ ਦਿੱਤੇ ਜਾਣਗੇ ਜਿਸ ਨਾਲ ਅਜਿਹੇ ਕਿਸਾਨਾਂ ਦੇ  ਸਰਕਾਰੀ ਦਫਤਰਾਂ ਵਿਚ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਭੁਪਿੰਦਰ ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਤਾ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ। ਉਨ੍ਹਾਂ ਕਿਹਾ ਕਣਕ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਣਕ ਦੇ ਬੀਜ ਨੂੰ  ਬਿਜਾਈ ਤੋਂ ਪਹਿਲਾਂ 160 ਮਿਲੀ ਲਿਟਰ ਕਲੋਰੋਪਾਈਰੀਫਾਸ 20 ਜਾਂ 80 ਮਿਲੀ ਲਿਟਰ ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ ਨਾਲ ਸੋਧ ਲੈਣਾ ਚਾਹੀਦਾ ਹੈ।