ਫਰੀਦਕੋਟ ,22 ਅਕਤੂਬਰ 2024 : ਸਿਹਤ ਵਿਭਾਗ ਫਰੀਦਕੋਟ ਵੱਲੋਂ ਟੀ.ਬੀ. ਦੇ ਮਰੀਜਾਂ ਨੂੰ ਰਾਸ਼ਨ ਕਿੱਟਾ ਦੇਣ ਦਾ ਉਪਰਾਲਾ ਲਗਾਤਾਰ ਜਾਰੀ ਹੈ, ਇਸੇ ਕੜੀ ਤਹਿਤ ਅੱਜ ਸਮਾਜ ਸੇਵੀ ਸੰਸਥਾ ਪ੍ਰਗਤੀ ਵੈਲਫੇਅਰ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਵਿਖੇ ਟੀ.ਬੀ ਵਿਭਾਗ ਦੇ 25 ਟੀ.ਬੀ ਮਰੀਜ਼ਾਂ ਨੂੰ ਮੁਫਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਸਬੰਧੀ ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਸਰਵਦੀਪ ਸਿੰਘ ਰੋਮਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਕਸ਼ੇ ਮਿੱਤਰਾ ਬਣੇ ਪ੍ਰਗਤੀ ਵੈਲਫੇਅਰ ਸੁਸਾਇਟੀ ਫਰੀਦਕੋਟ ਵੱਲੋ ਵੀ 51 ਟੀ ਬੀ ਦੇ ਮਰੀਜਾਂ ਨੂੰ ਛੇ ਮਹੀਨੇ ਦਾ ਮੁਫਤ ਰਾਸ਼ਨ ਦੇਣ ਲਈ ਗੋਦ ਲਿਆ ਹੈ। ਡਾ. ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਟੀਬੀ ਦੀ ਬਿਮਾਰੀ ਪੂਰੀ ਤਰਾਂ ਇਲਾਜਯੋਗ ਹੈ ਪ੍ਰੰਤੂ ਮਰੀਜ ਸਮੇਂ ਸਿਰ ਦਵਾਈ ਦਾ ਸੇਵਨ, ਸਿਹਤ ਜਾਂਚ ਅਤੇ ਪੌਸ਼ਟਿਕ ਖੁਰਾਕ ਦੀ ਵਰਤੋਂ ਕਰੇ। ਇਲਾਜ ਦੌਰਾਨ ਤੰਬਾਕੂ ਅਤੇ ਹੋਰ ਨਸ਼ਿਆਂ ਦੇ ਸੇਵਨ ਤੋਂ ਪ੍ਰਹੇਜ ਕਰੇ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਵੀ ਪੋਸ਼ਟਿਕ ਖੁਰਾਕ ਲਈ 500 ਰੁਪਏ ਪ੍ਰਤੀ ਮਹੀਨਾ ਹਰੇਕ ਮਰੀਜ਼ ਨੂੰ ਜਾਰੀ ਕੀਤੇ ਜਾਦੇ ਹਨ। ਉਨਾਂ ਇਹ ਵੀ ਦੱਸਿਆ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੀ ਟੀ.ਬੀ. ਦੇ ਮਰੀਜਾਂ ਦੀ ਸਹਾਇਤਾ ਲਈ ਨਿੱਜੀ ਦਿਲਚਸਪੀ ਲੈ ਰਹੇ ਹਨ, ਉਨ੍ਹਾਂ ਵੱਲੋਂ ਇੱਕ ਅਕਾਊਂਟ ਖੋਲਿਆ ਗਿਆ ਹੈ ਜਿਸ ਵਿੱਚ ਕੋਈ ਦਾਨੀ ਸੱਜਣ ਟੀ.ਬੀ ਦੇ ਮਰੀਜਾਂ ਲਈ ਰਾਸ਼ੀ ਦੇ ਕੇ ਸਹਿਯੋਗ ਦਾ ਪਾਤਰ ਬਣ ਸਕਦਾ ਹੈ । ਉਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ ਅਤੇ ਉਮੀਦ ਕਿ ਉਹ ਸਿਹਤ ਵਿਭਾਗ ਨੂੰ ਇਸੇ ਤਰਾਂ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਡਾ. ਵਿਸ਼ਵਦੀਪ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਪਰਮਜੀਤ ਬਰਾੜ ਐਸਐਮਓ ਸਿਵਲ ਹਸਪਤਾਲ, ਕੁਲਵੰਤ ਸਿੰਘ ਜਿਲਾ ਮਾਸ ਮੀਡੀਆ ਅਫਸਰ, ਮੈਡੀਕਲ ਅਫਸਰ (ਟੀ.ਬੀ.) ਡਾ. ਪ੍ਰੀਤੀ ਗੋਇਲ, ਡਾ. ਰਾਜਵੀਰ ਕੌਰ, ਡਾ. ਕਿਰਨਦੀਪ ਕੌਰ, ਨਵਕਾਸ਼ ਸਿੰਘ ਪੀ.ਓ., ਖੁਸ਼ਦੀਪ ਟੀ.ਬੀ. ਐਚ.ਵੀ., ਨਵਦੀਪ ਐਲ.ਟੀ., ਅਤੇ ਟੀ ਬੀ ਵਿਭਾਗ ਦਾ ਸਟਾਫ ਹਾਜਰ ਸੀ।