- ਵੱਖ ਵੱਖ ਗਤੀਵਿਧੀਆਂ ਰਾਹੀਂ ਮੁਹਿੰਮ ਨੂੰ ਦਿੱਤਾ ਜਾ ਰਿਹਾ ਹੁਲਾਰਾ
ਬਰਨਾਲਾ, 22 ਅਕਤੂਬਰ 2024 : ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਸੀਨੀਅਰ ਅਫ਼ਸਰਾਂ, ਕਲੱਸਟਰ ਇੰਚਾਰਜਾਂ, ਸਹਾਇਕ ਕਲੱਸਟਰ ਇੰਚਾਰਜਾਂ ਅਤੇ ਹੋਰ ਟੀਮ ਮੈਂਬਰਾਂ ਵਲੋਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਵਲੋਂ ਪਿੰਡਾਂ ਵਿੱਚ ਜਿੱਥੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਓਥੇ ਉਪਲਭਧ ਮਸ਼ੀਨਰੀ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੀਮ ਮੈਂਬਰਾਂ ਨੂੰ ਪਿੰਡ ਵਿੱਚ ਉਪਲੱਬਧ ਮਸ਼ੀਨਰੀ ਦੀਆਂ ਸੂਚੀਆਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸਾਨ ਇਕ ਦੂਜੇ ਨਾਲ ਮਸ਼ੀਨਰੀ ਸਾਂਝੀ ਕਰ ਸਕਣ। ਇਸ ਮੁਹਿੰਮ ਤਹਿਤ ਅੱਜ ਵੱਖ ਵੱਖ ਇੰਚਾਰਜਾਂ ਵਲੋਂ ਜ਼ਿਲ੍ਹੇ ਦੇ ਪਿੰਡ ਜੰਗੀਆਣਾ, ਪਿੰਡ ਸੇਖਾ, ਸੰਘੇੜਾ, ਬਰਨਾਲਾ ਦਿਹਾਤੀ, ਛੀਨੀਵਾਲ ਕਲਾਂ, ਪਿੰਡ ਖੜਕ ਸਿੰਘ ਵਾਲਾ, ਅਲਕੜਾ, ਤਪਾ ਸਹਿਕਾਰੀ ਸਭਾ, ਬੁਰਜ ਫ਼ਤਹਿਗੜ੍ਹ, ਬਡਬਰ, ਰੂੜੇਕੇ ਕਲਾਂ, ਪੱਖੋਂ ਕਲਾਂ ਆਦਿ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਸਤਵੰਤ ਸਿੰਘ ਵਲੋਂ ਕੋਠੇ ਬਗੇਹਰ ਪੱਤੀ ਧਨੌਲਾ ਵਿਖੇ ਪਿੰਡ ਵਾਸੀਆਂ ਅਤੇ ਪਿੰਡ ਪੱਧਰੀ ਕਮੇਟੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੁਹਿੰਮ ਵਿਚ ਸਹਿਯੋਗ ਦੀ ਅਪੀਲ ਕੀਤੀ ਗਈ। ਇਸੇ ਤਰ੍ਹਾਂ ਐੱਸ ਡੀ ਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ ਵਲੋਂ ਪਿੰਡ ਪੰਡੋਰੀ ਦੇ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਮੌਕੇ ਸਕੂਲ ਦਾ ਦੌਰਾ ਕਰਕੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮੁਹਿੰਮ ਵਿਚ ਸਹਿਯੋਗ ਦੀ ਅਪੀਲ ਕੀਤੀ ਗਈ ਅਤੇ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਅਤੇ ਨੰਬਰਦਾਰਾਂ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਟੀਮ ਵਲੋਂ ਪਿੰਡ ਸੇਖਾ ਵਿੱਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਅੱਗ ਨਾ ਲਾਉਣ ਦੀ ਅਪੀਲ ਕੀਤੀ ਗਈ।