
- ਪੁਲਿਸ ਨੂੰ ਪਾਰਕਿੰਗ ਅਤੇ ਨਿਰਵਿਘਨ ਆਵਾਜਾਈ ਦੇ ਪ੍ਰਬੰਧ ਕਰਨ ਲਈ ਆਖਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਮਾਰਚ 2025 : ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਮੁੱਲਾਂਪੁਰ, ਨਿਊ ਚੰਡੀਗੜ੍ਹ ਵਿਖੇ ਅਗਲੇ ਮਹੀਨੇ ਹੋਣ ਜਾ ਰਹੀ ਟਾਟਾ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਮੈਚ ਲੜੀ ਦੇ ਮੱਦੇਨਜ਼ਰ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਪੰਜਾਬ ਕਿੰਗਜ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।ਉਨ੍ਹਾਂ ਇਸ ਮੌਕੇ ਆਲੇ-ਦੁਆਲੇ ਦੇ ਪਿੰਡਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਵਾਜਾਈ ਦੇ ਜਾਮ ਤੋਂ ਬਚਾਉਣ ਲਈ ਜ਼ਿਲ੍ਹਾ ਪੁਲਿਸ ਨੂੰ ਨਿਰਵਿਘਨ ਆਵਾਜਾਈ ਪ੍ਰਬੰਧਾਂ ਅਤੇ ਪਾਰਕਿੰਗ ਦੇ ਪ੍ਰਬੰਧ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦੇ ਪਿਛਲੇ ਸਾਲ ਪਹਿਲੀ ਵਾਰ ਕ੍ਰਿਕਟ ਮੈਚ ਦੀ ਮੇਜ਼ਬਾਨੀ ਨਾਲ ਸ਼ੁਰੂ ਹੋਣ ਬਾਅਦ, ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਦੇ ਆਧਾਰ ’ਤੇ ਇਸ ਵਾਰ ਸਾਰੇ ਬੰਦੋਬਸਤ ਪਹਿਲਾਂ ਹੀ ਕਰ ਲਏ ਜਾਣ। ਵਧੀਕ ਡਿਪਟੀ ਕਮਿਸ਼ਨਰ ਨੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਮੱਲ੍ਹੀ ਨੂੰ ਆਲੇ-ਦੁਆਲੇ ਦੀਆਂ ਸੜ੍ਹਕਾਂ ਦੀ ਲੋੜੀਂਦੀ ਮੁਰੰਮਤ ਅਤੇ ਹੋਰ ਸੜ੍ਹਕੀ ਰੁਕਾਵਟਾਂ ਨੂੰ ਆਪਣੇ ਇਜੀਨੀਅਰਿੰਗ ਅਮਲੇ ਰਾਹੀਂ ਸਮਾਂ ਰਹਿੰਦੇ ਹੀ ਠੀਕ ਕਰਵਾਉਣ ਲਈ ਆਖਿਆ। ਜਨ ਸਿਹਤ ਵਿਭਾਗ ਨੂੰ ਸਟੇਡੀਅਮ ਤੋਂ ਬਾਹਰ ਬਣਨ ਵਾਲੀਆਂ ਸਾਰੀਆਂ ਪਾਰਕਿੰਗਾਂ ਵਿੱਚ ਆਰਜ਼ੀ ਪਖਾਨਾ ਆਦਿ ਦਾ ਪ੍ਰਬੰਧ ਕਰਨ ਲਈ ਵੀ ਆਖਿਆ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਸਿਹਤ ਵਿਭਾਗ ਨੂੰ ਪੀਜੀਆਈ ਅਤੇ ਹੋਮੀ ਭਾਬਾ ਹਸਪਤਾਲਾਂ ਨਾਲ ਤਾਲਮੇਲ ਕਰਕੇ ਰੱਖਣ ਲਈ ਆਖਿਆ ਤਾਂ ਜੋ ਹੰਗਾਮੀ ਲੋੜ ਪੈਣ ’ਤੇ ਸਿਹਤ ਸੇਵਾਵਾਂ ਲਈਆਂ ਜਾ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਕਿੰਗਜ਼ ਦੇ ਪ੍ਰਤੀਨਿਧਾਂ ਨੂੰ ਸਟੇਡੀਅਮ ਅੰਦਰ ਵਰਤੋਂ ਵਿੱਚ ਆਉਣ ਵਾਲੀ ਸ਼ਰਾਬ ਆਦਿ ਲਈ ਲੋੜੀਂਦੇ ਆਬਕਾਰੀ ਪਰਮਿਟ ਅਗਾਊਂ ਰੂਪ ’ਚ ਲੈਣ ਲਈ ਆਖਿਆ। ਉਨ੍ਹਾਂ ਨੇ ਮੀਟਿੰਗ ’ਚ ਸ਼ਾਮਿਲ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਰਮਿਟ ਸਮੇਂ ਸਿਰ ਜਾਰੀ ਕਰਨ ਅਤੇ ਉਪਰੰਤ ਕੋਈ ਉਲੰਘਣਾ ਨਾ ਹੋਵੇ, ਦੀ ਨਿਗਰਾਨੀ ਰੱਖਣ ਲਈ ਆਖਿਆ। ਫ਼ਾਇਰ ਬਿ੍ਰਗੇਡ ਅਧਿਕਾਰੀਆਂ ਨੂੰ ਸਟੇਡੀਅਮ ’ਚ ਮੌਜੂਦ ਅੱਗ ਬੁਝਾਊ ਯੰਤਰਾਂ ਅਤੇ ਪ੍ਰਬੰਧਾਂ ਦਾ ਆਡਿਟ ਕਰਕੇ ਇਤਰਾਜ਼ਹੀਣਤਾ ਸਰਟੀਫ਼ਿਕੇਟ ਦੇਣ ਲਈ ਆਖਿਆ ਅਤੇ ਮੈਚ ਦੇ ਦਿਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਰਕੇ ਰੱਖਣ ਲਈ ਵੀ ਕਿਹਾ। ਏ ਡੀ ਸੀ ਗੀਤਿਕਾ ਸਿੰਘ ਨੇ ਪੀ ਐਸ ਪੀ ਸੀ ਐਲ ਅਧਿਕਾਰੀਆਂ ਨੂੰ ਸਟੇਡੀਅਮ ਦੇ ਆਲੇ ਦੁਆਲੇ ਦੇ ਰਸਤਿਆਂ ’ਤੇ ਪੈਂਦੀਆਂ ਬਿਜਲੀ ਦੀਆਂ ਤਾਰਾਂ ਦੀ ਉਚਿਤ ਸਾਂਭ-ਸੰਭਾਲ ਕਰਨ ਲਈ ਆਖਿਆ ਤਾਂ ਜੋ ਕਿਸੇ ਨੀਵੀਂ ਤਾਰ ਕਾਰਨ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਕਿੰਗਜ਼ ਦੇ ਪ੍ਰਬੰਧਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਊਟੀ ਲਈ ਤਾਇਨਾਤ ਕੀਤੇ ਜਾਣ ਵਾਲੇ ਅਧਿਕਾਰੀਆਂ ਦੇ ਐਕਰੀਡੇਸ਼ਨ ਸਮੇਂ ਸਿਰ ਤਿਆਰ ਕਰਕੇ ਦੇਣ ਲਈ ਆਖਿਆ ਤਾਂ ਜੋ ਉਨ੍ਹਾਂ ਨੂੰ ਡਿਊਟੀ ਨਿਭਾਉਣ ’ਚ ਕੋਈ ਦਿੱਕਤ ਨਾ ਆਵੇ। ਮੀਟਿੰਗ ’ਚ ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਡੀ ਐਸ ਪੀ ਮੁੱਲਾਂਪੁਰ ਮੋਹਿਤ ਅਗਰਵਾਲ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਹੋਰ ਅਧਿਕਾਰੀ ਮੌਜੂਦ ਸਨ।