ਫਾਜਿ਼ਲਕਾ, 3 ਮਈ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਪਹਿਲ ਕਦਮੀ ਨਾਲ ਸ਼ੁਰੂ ਕੀਤੇ ਗਏ ਸਿੱਖੋ ਅਤੇ ਵਧੋ (ਲਰਨ ਐਂਡ ਗ੍ਰੋਅ) ਪ੍ਰੋਗਰਾਮ ਤਹਿਤ ਅੱਜ ਉਨ੍ਹਾਂ ਨੇ ਸਰਕਾਰੀ ਸਮਾਰਟ ਸੀਨਿਅਰ ਸੈਕੰਡਰੀ ਸਕੂਲ ਖੂਈਖੇੜਾ ਦੇ ਵਿਦਿਆਰਥੀਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਜਿੰਦਗੀ ਵਿਚ ਸਫਲਤਾ ਦੇ ਸੂਤਰ ਸਾਂਝੇ ਕੀਤੇ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾ ਕੇ ਸਫਲ ਇਨਸਾਨ ਬਣਾਉਣ ਦੇ ਉਦੇਸ਼ ਨਾਲ ਜਿ਼ਲ੍ਹੇ ਵਿਚ ਲਰਨ ਐਂਡ ਗ੍ਰੋਅ ਪ੍ਰੋਗਰਾਮ ਸ਼ੁਰੂ ਕੀਤ ਗਿਆ ਹੈ। ਇਸ ਪ੍ਰੋਗਰਾਮ ਤਹਿਤ ਹਰ ਹਫਤੇ ਕੋਈ ਨਾ ਕੋਈ ਸੀਨਿਅਰ ਅਧਿਕਾਰੀ ਕਿਸੇ ਸਕੂਲ ਵਿਚ ਜਾ ਕੇ ਵਿਦਿਆਰਥੀਆਂ ਨੂੰ ਪ੍ਰੇਰਕ ਭਾਸ਼ਣ ਦਿੰਦਾ ਹੈ ਅਤੇ ਉਨ੍ਹਾਂ ਦੀ ਜਿੰਦਗੀ ਵਿਚ ਅੱਗੇ ਵੱਧਣ ਲਈ ਅਗਵਾਈ ਕਰਦਾ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਅੱਜ ਖੂਈਖੇੜਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਪੁੱਜੇ ਸਨ। ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ੇਕਰ ਨਿਸ਼ਾਨਾ ਸਪੱਸ਼ਟ, ਇਰਾਦਾ ਪੱਕਾ ਹੋਵੇ ਤਾਂ ਸਖ਼ਤ ਮਿਹਨਤ ਨਾਲ ਮਨੁੱਖ ਕੁਝ ਵੀ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਆਸਮਾਨ ਹੀ ਸਾਡੀਆਂ ਊਮੀਦਾਂ ਦਾ ਸਿ਼ਖਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਸੱਚੇ ਹਮਦਰਦ ਹਨ ਜ਼ੋ ਉਨ੍ਹਾਂ ਨੂੰ ਜਿੰਦਗੀ ਵਿਚ ਅੱਗੇ ਲੈ ਕੇ ਜਾਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਸੱਵਛਤਾ ਸਮੇਤ ਹੋਰ ਚੰਗੀਆਂ ਆਦਤਾਂ ਗ੍ਰਹਿਨ ਕਰਨ ਲਈ ਕਿਹਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੋਲੀਥੀਨ ਦੀ ਵਰਤੋਂ ਨਾ ਕਰਨ ਅਤੇ ਆਪਣੇ ਮਾਪਿਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ ਕਿ ਜਿੰਦਗੀ ਵਿਚ ਲਏ ਛੋਟੇ ਛੋਟੇ ਫੈਸਲੇ ਹੀ ਵੱਡੀਆਂ ਤਬਦੀਲੀਆਂ ਦੇ ਅਧਾਰ ਬਣਦੇ ਹਨ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਮੋਬਾਇਲ ਰਾਹੀਂ ਵਿਦਿਆਰਥੀ ਗਿਆਨ ਤੇ ਅਥਾਹ ਸੋਮੇ ਤੱਕ ਪਹੁੰਚ ਕਰ ਸਕਦੇ ਹਨ ਪਰ ਇਸਦੇ ਬੁਰੇ ਪ੍ਰਭਾਵਾਂ ਤੋਂ ਵੀ ਸੁਚੇਤ ਰਹਿਣਾ ਲਾਜਮੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਕਿੱਤਿਆਂ ਦੀ ਚੋਣ ਕਰਨ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਵਿਸ਼ਾਲ ਨਾਂਅ ਦੇ ਵਿਦਿਆਰਥੀ ਨੇ ਫੌਜ਼ ਵਿਚ ਜਾਣ ਬਾਰੇ ਤਾਂ ਪੁਨੀਤ ਨੇ ਪੰਜਾਬ ਪੁਲਿਸ ਵਿਚ ਭਰਤੀ ਸਬੰਧੀ ਸਵਾਲ ਕੀਤਾ। ਇਕ ਹੋਰ ਵਿਦਿਆਰਥਣ ਨੇ ਸੀਏ ਬਣਨ ਤੇ ਇਕ ਵਿਦਿਆਰਥੀ ਨੇ ਜੱਜ ਬਣਨ ਸਬੰਧੀ ਆਪਣੇ ਖੁਆਬਾਂ ਦਾ ਜਿਕਰ ਕੀਤਾ। ਇਸ ਮੌਕੇ ਪ੍ਰਿੰਸੀਪਲ ਗੁਰਦੀਪ ਕੁਮਾਰ ਅਤੇ ਸਕੂਲ ਸਟਾਟ ਨੇ ਇੱਥੇ ਪੁੱਜਣ ਤੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ। ਇਸ ਮੌਕੇ ਡੀਟੀਸੀ ਸ੍ਰੀ ਮਨੀਸ਼ ਠੁਕਰਾਲ, ਡੀਡੀਐਫ ਸ੍ਰੀ ਆਸੀ਼ਸ ਦੂਬੇ ਵੀ ਹਾਜਰ ਸਨ।