ਚਟੋਪਾਧਿਆਏ ਭਗੌੜੇ ਕਰਾਰ ਦਿੱਤੇ ਅਪਰਾਧੀਆਂ ਨੂੰ ਸਕਿਓਰਿਟੀ ਗਾਰਡ ਦੇ ਕੇ ਘਰ ਵਿਚ ਡਿਨਰ ਕਰਵਾਉਂਦਾ ਸੀ : ਬਿਕਰਮ ਮਜੀਠੀਆ

ਪਟਿਆਲਾ, 6 ਮਾਰਚ : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਸਾਬਕਾ ਐਕਟਿਕ ਡੀ ਜੀ ਪੀ ਸਿਧਾਰਥ ਚਟੋਪਧਿਆਏ ਦੇ 22 ਦਿਨਾਂ ਦੇ ਡੀ ਜੀ ਪੀ ਵਜੋਂ ਕਾਰਜਕਾਲ ਦੌਰਾਨ ਹੋਏ ਸਾਰੇ ਗੈਰ ਕਾਨੂੰਨੀ ਕੰਮਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਦੋਸ਼ ਲਾਇਆ ਕਿ ਚਟੋਪਾਧਿਆਏ ਭਗੌੜੇ ਕਰਾਰ ਦਿੱਤੇ ਅਪਰਾਧੀਆਂ ਨੂੰ ਸਕਿਓਰਿਟੀ ਗਾਰਡ ਦੇ ਕੇ ਆਪਣੇ ਘਰ ਵਿਚ ਡਿਨਰ ਕਰਵਾਉਂਦਾ ਸੀ। ਅੱਜ ਇਥੇ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਪੁਲਿਸ ਲਾਈਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿਧਾਰਥ ਚਟੋਧਿਆਏ ਨੂੰ ਯੂ ਪੀ ਐਸ ਸੀ ਨੇ ਡੀ ਜੀ ਪੀ ਲਗਾਉਣ ਤੋਂ ਨਾਂਹ ਕਰ ਦਿੱਤੀਸੀ।  ਉਹਨਾਂ ਕਿਹਾ ਕਿ ਚਟੋਪਾਧਿਆਏ ਨੂੰ ਸਿਰਫ 22 ਦਿਨਾਂ ਲਈ ਡੀ ਜੀ ਪੀ ਇਸ ਕਰ ਕੇ ਲਗਾਇਆ ਗਿਆ ਜੋ ਉਹਨਾਂ ਖਿਲਾਫ ਝੂਠਾ ਪਰਚਾ ਦਰਜ ਕੀਤਾ ਜਾ ਸਕੇ ਤੇ ਅੱਜ ਸਵਾ ਦੋ ਸਾਲ ਬੀਤਣ ਮਗਰੋਂ ਵੀ ਪੁਲਿਸ ਇਸ ਕੇਸ ਵਿਚ ਚਲਾਨ ਨਹੀਂ ਪੇਸ਼ ਕਰ ਸਕੀ। ਉਹਨਾਂ ਕਿਹਾ ਕਿ 22 ਦਿਨਾਂ ਵਿਚ ਹੀ ਚਟੋਪਾਧਿਆਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦਾ ਵੱਡਾ ਗੁਨਾਹ ਕੀਤਾ ਜਿਸ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਸਾਬਕਾ ਜਸਟਿਸ ਇੰਦੂ ਮਲਹੋਤਰਾ ਨੇ ਵੀ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਬਚਾਉਣ ਵਾਸਤੇ ਪੱਬਾਂ ਭਾਰ ਹਨ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਉਸਦੇ ਖਿਲਾਫ ਕਾਰਵਾਈ ਨਹੀਂ ਕੀਤੀ ਰਹੀ। ਉਹਨਾਂ ਦੱਸਿਆ ਕਿ ਉਹ ਅੱਜ ਐਸ ਆਈ ਟੀ ਨੂੰ ਇਸ ਬਾਰੇ ਲਿਖਤੀ ਅਤੇ ਵਿਸਥਾਰਿਤਸ਼ਿਕਾਇਤ  ਦੇ ਰਹੇ ਹਨ ਤਾਂ ਜੋ ਉਸਦੇ 22 ਦਿਨਾਂ ਦੇ ਕਾਰਜਕਾਲ ਹੋਏ ਸਾਰੇ ਗੈਰ ਕਾਨੂੰਨੀ ਕੰਮਾਂ ਦੀ ਜਾਂਚ ਹੋਵੇ ਤੇ ਉਸਨੂੰ ਸਜ਼ਾ ਮਿਲੇ। ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਐਸ ਆਈ ਟੀ ਨੇ 8 ਵਾਰ ਬੁਲਾਇਆ ਸੀ ਤੇ 7 ਵਾਰ ਉਹ ਇਥੇ ਪੇਸ਼ ਹੋਏ ਹਨ ਸਿਰਫ ਸ਼ਹੀਦੀ ਦਿਨਾਂ ਵਿਚ ਪੇਸ਼ ਨਹੀਂ ਹੋਏ ਜਦੋਂ ਕਿ ਦੂਜੇ ਪਾਸੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲੇ ਵਿਚ ਈ ਡੀ ਵੱਲੋਂ 8 ਵਾਰ ਤਲਬ ਕੀਤੇ ਜਾਣ ਦੇ ਬਾਵਜੂਦ ਇਕ ਵਾਰ ਵੀ ਪੇਸ਼ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਉਹਨਾਂ ਦੀ ਕਿਚਨ ਕੈਬਨਿਟ ਮਨੀਸ਼ ਸਿਸੋਦੀਆ, ਸੰਜੇ ਸਿੰਘ ਤੇ ਹੋਰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਹਨਾਂ ਦੀ ਵਾਰੀ ਹੈ ਤੇ ਇਸ ਮਗਰੋਂ ਪੰਜਾਬ ਵਿਚ ਹੋਏ ਸ਼ਰਾਬ ਘੁਟਾਲੇ ਦੀ ਜਾਂਚ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਜੋ ਘਟੀਆ ਅਤੇ ਘਿਨੌਣੀਆਂ ਹਰਕਤਾਂ ਕੀਤੀਆਂ ਹਨ, ਉਸ ਤੋਂ ਸਮੁੱਚੇ ਪੰਜਾਬੀ ਸ਼ਰਮਸ਼ਾਰ ਹਨ ਕਿ ਜਿਹੋ ਵਿਅਕਤੀ ਹੱਥ ਪੰਜਾਬ ਦੀ ਵਾਗਡੋਰ ਸੌਂਪ ਦਿੱਤੀ ਹੈ। ਉਹਨਾਂ ਸਵਾਲ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਜਿਹਨਾਂ ਦੀ ਉਮਰ 70 ਸਾਲ ਦੇ ਕਰੀਬ ਹੈ, ਦੇ ਪਰਿਵਾਰ ਬਾਰੇ ਟਿੱਪਣੀਆਂ ਕਰਨ ਦਾ ਪੰਜਾਬ ਦੇ ਵਿਕਾਸ ਨਾਲ ਤੇ ਪੰਜਾਬ ਦੇ ਮੁੱਦਿਆਂ ਨਾਲ ਕੀ ਸਰੋਕਾਰ ਹੈ? ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਦੇ ਮਾਣ ਸਨਮਾਨ ਨੂੰ ਵੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਪਤਾ ਨਹੀਂ ਕੀ ਖਾ ਪੀ ਕੇ ਮੁੱਖ ਮੰਤਰੀ ਘੁੰਮਦੇ ਹਨ ਜੋ ਇਸ ਤਰੀਕੇ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਬਜਟ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਬਜਟ ਵਿਚ ਆਪ ਹੀ ਦੱਸ ਦਿੱਤਾ ਹੈ ਕਿ 31 ਮਾਰਚ 2025 ਤੱਕ ਪੰਜਾਬ ਸਿਰ ਕਰਜ਼ਾ 3 ਲੱਖ 74 ਹਜ਼ਾਰ ਕਰੋੜ ਰੁਪਏ ਤੋਂ ਵੀ ਟੱਪ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਬਰਬਾਦੀ ਕਰ ਕੇ ਭਗਵੰਤ ਮਾਨ ਸਾਰੇ ਦੇਸ਼ ਵਿਚ ਆਪ ਦਾ ਪ੍ਰਚਾਰ ਕਰਦੇ ਘੁੰਮ ਰਹੇ ਹਨ ਤੇ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦਾ ਪੈਸਾ ਲੁਟਾ ਰਹੇ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਖੁਦ ਕੇਜਰੀਵਾਲ ਨੂੰ ਈ ਡੀ ਅੱਗੇ ਪੇਸ਼ ਹੋਣ ਲਈ ਲੈ ਕੇ ਜਾਣ ਵਾਸਤੇ ਤਿਆਰ ਹਨ ਤੇ ਉਹਨਾਂ ਨੂੰ ਡਰਨਾ ਨਹੀਂ ਚਾਹੀਦਾ।