- ਡੀਸੀ ਫਰੀਦਕੋਟ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ
ਫਰੀਦਕੋਟ 16 ਜੂਨ : ਸਿਵਲ ਹਸਪਤਾਲ ਕੋਟਕਪੂਰਾ ਵਿਖੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਆਈ.ਏ.ਐਸ ਨੇ ਕੀਤੀ।ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਚੰਦਰ ਸ਼ੇਖਰ ਕੱਕੜ, ਐਸ.ਐਮ.ਓ ਡਾ. ਹਰਿੰਦਰ ਗਾਂਧੀ, ਬਲੱਡ ਬੈਂਕ ਕੋਟਕਪੂਰਾ ਦੇ ਇੰਚਾਰਜ ਡਾ. ਰਮੇਸ਼ ਕੁਮਾਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਡਾ. ਪੰਕਜ ਅਤੇ ਖੂਨਦਾਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸ਼ਹਿਰ ਅਤੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ, ਬਲੱਡ ਡੋਨਰਸ, ਸਮੂਹ ਸਟਾਫ ਅਤੇ ਪਤਵੰਤੇ ਹਾਜਰ ਸਨ।ਸਮਾਗਮ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਬਲੱਡ ਬੈਂਕ ਦੇ ਇੰਚਾਰਜ ਡਾ. ਰਮੇਸ਼ ਕੁਮਾਰ ਨੇ ਕਿਹਾ ਕਿ ਵਿਸ਼ਵ ਖੂਨਦਾਨ ਦਿਵਸ ਮੌਕੇ ਡਬਲਿਊ.ਐਚ.ਓ ਵੱਲੋਂ ਪ੍ਰਾਪਤ ਥੀਮ ਖੁੂਨ ਦਿਉ, ਪਲਾਜ਼ਮਾ ਦਿਉ, ਜੀਵਨ ਸਾਂਝਾ ਕਰੋ, ਅਕਸਰ ਸਾਂਝਾ ਕਰੋ ਹੇਠ ਮਨਾਇਆ ਜਾ ਰਿਹਾ ਹੈ।ਖੂਨਦਾਨ ਕਰਕੇ ਅਸੀਂ ਕੀਮਤੀ ਜਿੰਦਗੀਆਂ ਬਚਾ ਸਕਦੇ ਹਾਂ। ਖੂਨ ਦੀ ਲੋੜ ਅਪ੍ਰੇਸ਼ਨ ਸਮੇਂ ਗਰਭਵਤੀ ਔਰਤਾਂ ਲਈ ਜਣੇਪੇ ਦੌਰਾਨ, ਖੂਨ ਦੀ ਕਮੀ ਵਾਲੇ ਮਰੀਜ, ਐਕਸੀਡੈਂਟ ਅਤੇ ਥੈਲੇਸੀਮੀਆ ਤੋਂ ਪੀੜਤ ਮਰੀਜਾਂ ਨੂੰ ਪੈਂਦੀ ਹੈ।ਖੂਨਦਾਨ ਕਰਨ ਦੇ ਉਦੇਸ਼ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਮਨੁੱਖੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਜੋ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀ ਇਸ ਕਾਰਜ ਵਿੱਚ ਲੱਗੇ ਹੋਏ ਉਹ ਬੜਾ ਹੀ ਪੁੰਨ ਦਾ ਕੰਮ ਕਰ ਰਹੇ ਹਨ।ਖੂਨਦਾਨ ਕਰਕੇ ਅਸੀਂ ਦੂਸਰੇ ਵਿਅਕਤੀ ਨੂੰ ਨਵਾਂ ਜੀਵਨ ਦੇ ਰਹੇ ਹਾਂ।ਉਨਾਂ ਕਿਹਾ ਕਿ ਅਸੀਂ ਸਮੂਹ ਖੂਨਦਾਨੀਆਂ ਦੇ ਰਿਣੀ ਹਾਂ ਜੋ ਕੀਮਤੀ ਜਿੰਦਗੀਆਂ ਬਚਾਉਣ ਵਿੱਚ ਲੱਗੇ ਹੋਏ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸਿਵਲ ਹਸਪਤਾਲ ਕੋਟਕਪੁਰਾ ਵਿਖੇ ਡਾਇਲਸਿਸ ਸੈਂਟਰ ਵੀ ਸ਼ੁਰੂ ਹੋ ਗਿਆ ਹੈ ਅਤੇ ਇਲਾਕੇ ਦੇ ਲੋਕਾਂ ਦੀ ਚੰਗੀ ਸਿਹਤ ਦੇ ਮੱਦੇਨਜਰ ਇੱਥੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਇੱਥੇ ਇਲਾਜ ਕਰਵਾਉਣ ਆਏ ਮਰੀਜਾਂ ਅਤੇ ਉਸਦੇ ਵਾਰਸਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਸਿਵਲ ਹਸਪਤਾਲ ਦੇ ਕੰਮਾਂ ਦਾ ਜਾਇਜਾ ਵੀ ਲਿਆ। ਸਿਵਲ ਸਰਜਨ ਡਾ. ਅਨਿਲ ਗੋਇਲ ਨੇ ਕਿਹਾ ਕਿ ਖੂਨਦਾਨ ਕਰਨਾ ਬੜਾ ਨੋਬਲ ਕਾਜ ਹੈ।ਕੋਟਕਪੂਰਾ ਸ਼ਹਿਰ ਅਤੇ ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਰੈਗੂਲਰ ਬਲੱਡ ਡੋਨਰਸ ਇਸ ਖੇਤਰ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।ਖੂਨਦਾਨ ਕਰਨ ਨਾਲ ਸਿਹਤ ਠੀਕ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਆਦਮੀ 90 ਦਿਨਾਂ ਬਾਅਦ ਅਤੇ ਔਰਤ 120 ਦਿਨਾਂ ਬਾਅਦ ਖੂਨਦਾਨ ਕਰ ਸਕਦੀ ਹੈ।ਇੱਕ ਖੂਨਦਾਨੀ ਤਿੰਨ ਵਿਅਕਤੀਆਂ ਦੀਆਂ ਜਾਨਾਂ ਬਚਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਬਲੱਡ ਬੈਂਕ ਕੋਟਕਪੁਰਾ ਦੇ ਇੰਚਾਰਜ ਡਾ. ਰਮੇਸ਼ ਕੁਮਾਰ ਖੁਦ 38 ਵਾਰ ਖੁੂਨ ਦਾਨ ਕਰ ਚੁੱਕੇ ਹਨ ਅਤੇ ਪੀ.ਐਚ.ਸੀ ਪੰਜਗਰਾਈਂ ਕਲਾਂ ਵਿਖੇ ਤੈਨਾਤ ਫਾਰਮੇਸੀ ਅਫਸਰ ਲੇਖ ਰਾਜ ਸਿੰਗਲਾ 75 ਖੂਨਦਾਨ ਕਰ ਚੁੱਕੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਅਤੇ ਆਸਪਾਸ ਦੇ ਇਲਾਕੇ ਦੀਆਂ 12 ਸਮਾਜਸੇਵੀ ਸੰਸਥਾਵਾਂ ਅਤੇ ਲਗਭਗ 30 ਖੂਨਦਾਨੀਆਂ ਨੂੰ ਮੋਮੈਂਟੋ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਡਾ. ਹਰਿੰਦਰ ਗਾਂਧੀ ਐਸ.ਐਮ.ਓ ਕੋਟਕਪੂਰਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਮੂਹ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਖੂਨਦਾਨ ਦਿਵਸ ਸਬੰਧੀ ਮਿਤੀ 14 ਜੂਨ ਤੋਂ 28 ਜੂਨ ਤੱਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਤਾਂ ਜੋ ਖੂਨ ਦੀ ਲੋੜ ਸਮੇਂ ਕਿਸੇ ਨੂੰ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।