ਕੈਨੇਡਾ ਵੱਸਦੇ ਕਵੀ ਮੋਹਨ ਗਿੱਲ ਦੀ ਪੁਸਤਕ ਪਵਣੁ ਗਦਰੀ ਬਾਬਿਆਂ ਦੇ ਮੇਲੇ ਤੇ ਗੁਰਭਜਨ ਗਿੱਲ,ਡਾ. ਸਰਿਤਾ ਤਿਵਾੜੀ,ਦਰਸ਼ਨ ਬੁੱਟਰ ਤੇ ਸੁਖਜੀਤ ਵੱਲੋਂ ਲੋਕ ਅਰਪਨ

(ਲੁਧਿਆਣਾ) ਕੈਨੇਡਾ ਦੇ ਸ਼ਹਿਰ ਸਰੀ(ਬ੍ਰਿਟਿਸ਼ ਕੋਲੰਬੀਆ ਵੱਸਦੇ ਪ੍ਰਮੁੱਖ ਪੰਜਾਬੀ ਕਵੀ ਮੋਹਨ ਗਿੱਲ ਦੇ ਲਿਖੇ ਹਾਇਕੂ ਸੰਗ੍ਰਹਿ ਪਵਣੁ ਨੂੰ ਦੇਸ਼ ਭਗਤ ਹਾਲ ਜਲੰਧਰ ਵਿੱਚ ਲੱਗੇ ਗਦਰੀ ਬਾਬਿਆਂ ਦੇ ਮੇਲੇ ਮੌਕੇ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਹੈ ਕਿ ਹੋਰ ਮੁਲਕਾਂ ਵਿੱਚ ਪ੍ਰਚੱਲਤ ਸਾਹਿੱਤ ਰੂਪਾਂ ਨੂੰ ਪੰਜਾਬੀ ਵਿੱਚ ਪੇਸ਼ ਕਰਨ ਦੀ ਰੀਤ ਬਹੁਤ ਪੁਰਾਣੀ ਹੈ। ਜਾਪਾਨ ਦੇ ਕਾਵਿ ਰੂਪ ਹਾਇਕੂ ਨੂੰ ਪੰਜਾਬੀ ਵਿੱਚ ਸਾਡੇ ਕਈ ਕਵੀਆਂ ਨੇ ਪਹਿਲਕਦਮੀ ਕੀਤੀ ਹੈ, ਉਨ੍ਹਾਂ ਚੋਂ ਮੋਹਨ ਗਿੱਲ ਦਾ ਸੱਜਰਾ ਹਾਇਕੂ ਸੰਗ੍ਰਹਿ ਪਵਣੁ  ਮੁੱਲਵਾਨ ਕਿਰਤ ਹੈ। ਇਸ ਦਾ ਮੁੱਖ ਬੰਦ ਲਿਖਦਿਆਂ ਸ਼੍ਰੋਮਣੀ ਕਵੀ ਰਵਿੰਦਰ ਰਵੀ ਨੇ ਵੀ ਇਹੀ ਕਿਹਾ ਹੈ ਕਿ ਮੋਹਨ ਗਿੱਲ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਸ ਨੇ ਹਾਇਕੂ ਦੇ ਵਸਤੂ ਖੇਤਰ ਨੂੰ ਵਿਸ਼ਾਲ ਕੀਤਾ ਹੈ। ਪ੍ਰਕਿਰਤੀ ਚਿਤਰਨ ਦੇ ਨਾਲ ਨਾਲ ਉਸਨੇ ਸਮਾਜਿਕ, ਰਾਜਨੀਤਕ ਤੇ ਆਰਥਿਕ ਸਰੋਕਾਰਾਂ ਨੂੰ ਵੀ ਹਾਇਕੂ ਦੀ ਵਸਤੂ ਬਣਾਇਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਮੋਹਨ ਗਿੱਲ ਨੇ ਆਪਣੇ ਵਸੀਹ ਗਿਆਨ ਭੰਡਾਰ ਨੂੰ ਹਮੇਸ਼ਾਂ ਕਾਵਿ ਅਭਿਵਿਅਕਤੀ ਲਈ ਸੁਯੋਗ ਢੰਗ ਨਾਲ ਵਰਤਿਆ ਹੈ। ਪੰਜਾਬ ਕਵੀ ਬਲਵਿੰਦਰ ਸੰਧੂ ਨੇ ਕਿਹਾ ਕਿ ਅੰਗ੍ਰੇਜ਼ੀ ਸਾਹਿੱਤ ਦਾ ਵਿਦਿਆਰਥੀ ਹੋਣ ਕਾਰਨ ਮੋਹਨ ਗਿੱਲ ਸਾਨੂੰ ਨਵੇਂ ਕਾਵਿ ਰੂਪ ਨਾਲ ਵੀ ਜੋੜ ਰਿਹਾ ਹੈ। ਪੰਜਾਬੀ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਚੇਤਨਾ ਪ੍ਰਕਾਸ਼ਨ ਨੇ ਪਵਣੁ ਦੇ ਪ੍ਰਕਾਸ਼ਨ ਨਾਲ ਮੋਹਨ ਗਿੱਲ ਦੀ ਵਿਸ਼ਵ ਦ੍ਰਿਸ਼ਟੀ ਦੇ ਸਨਮੁਖ ਪੰਜਾਬੀ ਪਾਠਕਾਂ ਨੂੰ ਖੜ੍ਹਾ ਕਰ ਦਿੱਤਾ ਹੈ। ਮੋਹਨ ਗਿੱਲ ਦੀ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਸਹਿਪਾਠੀ ਰਹੀ ਡਾਃ ਸਰਿਤਾ ਤਿਵਾੜੀ ਨੇ ਕਿਹਾ ਕਿ ਇਸ ਕਿਤਾਬ ਨੂੰ ਵੇਖ ਕੇ ਮੈਂ 46 ਸਾਲ ਪਿੱਛੇ ਪਰਤ ਗਈ ਹਾਂ ਜਦ ਮੈਂ ਤੇ ਮੋਹਨ ਗਿੱਲ ਇਕੱਠੇ ਪੜ੍ਹਨ ਵੇਲੇ ਪੰਜਾਬੀ ਤੇ ਹਿੰਦੀ ਦੇ ਵਿਦਿਆਰਥੀ ਸਾਥੀਆਂ ਨਾਲ ਘੰਟਿਆਂ ਬੱਧੀ ਸਾਹਿੱਤ ਚਰਚਾ ਕਰਦੇ ਸਾਂ। ਉਦੋਂ ਕੀ ਪਤਾ ਸੀ ਕਿ ਮੈਂ ਤੇ ਗੁਰਭਜਨ  ਆਪਣੇ ਸਹਿਪਾਠੀ ਦੀ ਕਾਵਿ ਪੁਸਤਰ ਜਲੰਧਰ ਵਿੱਚ ਗਦਰੀ ਬਾਬਿਆਂ ਦੇ ਮੇਲੇ ਤੇ ਉਸ ਦੀ ਗ਼ੈਰਹਾਜ਼ਰੀ ਚ ਲੋਕ ਅਰਪਨ ਕਰਾਂਗੇ। ਇਸ ਮੌਕੇ ਉੱਘੇ ਲੇਖਕ ਹਰਮੀਤ ਵਿਦਿਆਰਥੀ,ਦੀਪ ਜਗਦੀਪ ਸਿੰਘ, ਕਹਾਣੀਕਾਰ ਮਨਦੀਪ ਸਿੰਘ ਘੁਮਾਣ(ਡਡਿਆਣਾ)ਜੱਸ ਮੰਡ ਟਰਸਟੀ ਰੋਜ਼ਾਨਾ ਨਵਾਂ ਜ਼ਮਾਨਾ, ਪਿਰਥੀਪਾਲ ਸਿੰਘ ਮਾੜੀਮੇਘਾ, ਗੁਰਮੀਤ ਸਿੰਘ ਸ਼ੁਗਲੀ ਐਡਵੋਕੇਟ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ(ਲੁਧਿਆਣਾ) ਗਿਆਨ ਸੈਦਪੁਰੀ,ਜੈਨਿੰਦਰ ਚੌਹਾਨ ਨਾਭਾ ਵੀ ਹਾਜ਼ਰ ਸਨ।