ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਕਿਲਿਆਂਵਾਲੀ ਵਿਖੇ ਸਾਹੀਵਾਲ ਕਾਫ ਰੈਲੀ ਕੀਤੀ ਗਈ

ਅਬੋਹਰ 11 ਮਾਰਚ : ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਕਿਲਿਆਂਵਾਲੀ ਵਿਖੇ ਸਾਹੀਵਾਲ ਕਾਫ ਰੈਲੀ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸ੍ਰੀ ਅਰੁਣ ਨਾਰੰਗ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਉਨਾਂ ਨੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਹਿੱਤ ਪਸ਼ੂਆਂ ਖਾਸ ਕਰਕੇ ਸਾਹੀਵਾਲ ਗਾਵਾਂ ਦੇ ਨਸਲ ਸੁਧਾਰ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਸ਼ੂ ਪਾਲਣ ਦੇ ਧੰਦੇ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਦਾ ਜਰੀਆ ਬਣਾਇਆ ਜਾ ਸਕਦਾ ਹੈ। ਰਾਜ ਦੇ ਪਸ਼ੂ ਪਾਲਕਾਂ ਦਾ ਮੁਨਾਫਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਨਸਲ ਸੁਧਾਰ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਸਿਵਲ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਰਾਹੀਂ ਵੀ ਕਿਸਾਨਾਂ ਨੂੰ ਵਧੀਆ ਸੀਮਨ ਮੁਹਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਵੀਰ ਚੰਗੀ ਨਸਲ ਦੇ ਪਸ਼ੂ ਪੈਦਾ ਕਰ ਸਕਣ । ਇਸ ਮੌਕੇ ਪਸ਼ੂ ਪਾਲਕਾਂ ਨੂੰ ਡਾ ਮਨਦੀਪ ਸਿੰਘ ਸੀਨੀਅਰ ਵੈਟਰਨਰੀ ਅਫਸਰ ਅਬੋਹਰ ਵੱਲੋਂ ਕਟਰੂਆਂ ਬਛੜੂਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਬਾਉਲਾ ਦੁੱਧ ਪਿਆਉਣ ਦੇ ਮਹੱਤਵ ਤੋਂ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ ਗਿਆ । ਡਾ  ਅਮਿਤ ਨੈਨ ਪ੍ਰੋਜੈਕਟ ਕੋਆਰਡੀਨੇਟਰ ਸਾਹੀਵਾਲ ਨੇ ਕਿਹਾ ਕਿ ਸਾਹੀਵਾਲ ਗਾਵਾਂ ਦੀ ਨਸਲ ਸੁਧਾਰ ਅਤੇ ਦੁੱਧ ਉਤਪਾਦਨ ਵਧਾਉਣ ਲਈ ਵਧੀਆ ਨਸਲ ਦੇ ਸਾਹੀਵਾਲ ਸਾਨ੍ਹਾਂ ਦੇ ਸੀਮਨ ਨਾਲ ਬਨਾਉਟੀ ਗਰਵਦਾਨ ਕਰਵਾਇਆ ਜਾਣਾ ਚਾਹੀਦਾ ਹੈ। ਡਾ ਪ੍ਰਦੀਪ ਗੋਦਾਰਾ ਨੇ ਪਸ਼ੂਆਂ ਨੂੰ ਪਰਜੀਵੀ ਰਹਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਜਾਨਵਰਾਂ ਵਿੱਚ ਪੇਟ ਦੇ ਕੀੜਿਆਂ ਦੀ ਮੁਫਤ ਦਵਾਈ ਵੀ ਦਿੱਤੀ ਗਈ। ਇਸ ਮੌਕੇ ਉਪਕਾਰ ਸਿੰਘ ਜਿਲਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਨੇ ਇਹ ਕੈਂਪ ਪਿੰਡ ਵਿੱਚ ਲਗਾਉਣ ਲਈ ਵਿਭਾਗ ਦਾ ਧੰਨਵਾਦ ਕੀਤਾ। ਪਸ਼ੂ ਪਾਲਕਾਂ ਨੇ ਉਤਸ਼ਾਹ ਨਾਲ ਕੈਂਪ ਵਿੱਚ ਭਾਗ ਲਿਆ। ਡਾ ਹਕੀਕਤ ਚੌਧਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਪਿਛਲੇ ਛੇ ਮਹੀਨੇ ਵਿੱਚ ਪੈਦਾ ਹੋਏ ਬੱਛੇ ਬੱਛੀਆਂ ਦੇ ਮਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੋਹਨ ਸਿੰਘ ਜਾਖੜ ਅਤੇ ਸ੍ਰੀ ਪੰਕਜ ਨਰੂਲਾ, ਸ੍ਰੀ ਵਿਨੋਦ ਕੁਮਾਰ ਮਾਲੀ, ਸ੍ਰੀ ਸੁਰੇਸ਼ ਕੁਮਾਰ, ਸ੍ਰੀ ਪ੍ਰੀਤਮ ਲਾਲ ਦਾ ਵੀ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਰਿਹਾ।