ਪੰਜਾਬੀ ਸਾਹਿੱਤ ਤੇ ਸੱਭਿਆਚਾਰ ਸੇਵਾ ਵਿੱਚ ਆਕਾਸ਼ਵਾਣੀ ਜਲੰਧਰ ਦਾ ਯੋਗਦਾਨ ਮਹੱਤਵਪੂਰਨ : ਗੁਰਭਜਨ ਗਿੱਲ

ਲੁਧਿਆਣਾ (ਰਘਵੀਰ ਸਿੰਘ ਜੱਗਾ) : ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਕਾਸ਼ਵਾਣੀ ਜਲੰਧਰ ਦੀ ਕੇਂਦਰ ਨਿਰਦੇਸ਼ਕ ਸ਼੍ਰੀਮਤੀ ਸੰਤੋਸ਼  ਰਿਸ਼ੀ ਨੂੰ ਆਪਣੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਸੁਰਤਾਲ, ਪਿੱਪਲ ਪੱਤੀਆਂ ਤੇ ਜਲ ਕਣ ਤੇਂ ਇਲਾਵਾ ਸਾਹਿੱਤਕ ਮੈਗਜ਼ੀਨ ਹੁਣ ਦਾ ਸੱਜਰਾ ਅੰਕ ਭੇਂਟ ਕਰਦਿਆਂ ਕਿਹਾ ਹੈ ਕਿ  1974 ਤੋਂ ਲੈ ਕੇ ਅੱਜ ਤੀਕ ਮੈਂ ਪਹੁਤ ਕੁਝ ਆਕਾਸ਼ਵਾਣੀ ਅਤੇ ਇਸ ਦੇ ਅਧਿਕਾਰੀਆਂ ਤੋਂ ਸਿੱਖਿਆ ਹੈ। ਪਹਿਲੀ ਵਾਰ ਯੁਵ ਵਾਣੀ ਪ੍ਰੋਗ੍ਰਾਮ ਵਿੱਚ ਉਹ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਐੱਮ ਏ ਕਰਦਿਆਂ ਆਏ ਸਨ ਅਤੇ ਉਨ੍ਹਾਂ ਨੂੰ ਸ ਸ ਮੀਸ਼ਾ ਜੀ ਨੇ ਮਾਈਕਰੋਫੋਨ ਤੇ ਬੋਲਣ ਦਾ ਢੰਗ ਤਰੀਕਾ ਸਿਖਾਇਆ ਸੀ। ਸੰਬੋਧਨ ਵਿੱਚ ਵਰਜਿਤ ਸ਼ਬਦ ਬੋਲਣ ਲੱਗਿਆਂ ਕਿਵੇਂ ਮਾਈਕਰੋਫੋਨ ਤੋਂ ਫ਼ਾਸਲਾ ਬਣਾਉਣਾ ਹੈ, ਇਹ ਵੀ ਉਨ੍ਹਾਂ ਹੀ ਸਿਖਾਇਆ। ਪ੍ਰੋ. ਗਿੱਲ ਨੇ ਆਕਾਸ਼ਵਾਣੀ ਜਲੰਧਰ ਦੇ ਲੋਕ ਸੰਗੀਤ ਪ੍ਰਸਾਰਨ ਵਿੱਚ ਮੁੱਲਵਾਨ ਗਾਇਕਾਂ ਉਸਤਾਦ ਲਾਲ ਚੰਦ ਯਮਲਾ ਜੱਟ, ਬੀਬੀ ਨੂਰਾਂ, ਮਿਲਖੀ ਰਾਮ, ਅਮਰਜੀਤ ਗੁਰਦਾਸਪੁਰੀ, ਹਰਦੇਵ ਖ਼ੁਸ਼ਦਿਲ ਤੇ ਜਾਗੀਰ ਸਿੰਘ ਤਾਲਿਬ ਨੂੰ ਵੀ ਚੇਤੇ ਕੀਤਾ। ਪੰਜਾਬੀ ਲੋਕ ਸੰਗੀਤ ਕਲਾਕਾਰ ਚੋਣ ਕਮੇਟੀ ਦੇ ਮੈਂਬਰ ਹੁੰਦਿਆਂ ਕਿੰਨੇ ਹੀ ਨਵੇਂ ਕਲਾਕਾਰ ਪਾਸ ਕੀਤੇ,ਉਹ ਵੀ ਲੰਮਾ ਇਤਿਹਾਸ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਹਰ ਕਿਤਾਬ ਆਕਾਸ਼ਵਾਣੀ ਲਾਇਬਰੇਰੀ ਵਿੱਚ ਜਮ੍ਹਾਂ ਕਰਵਾਉਂਦੇ ਹਨ ਜਿਸ ਦੀ ਪ੍ਰੇਰਨਾ ਉਨ੍ਹਾਂ ਨੂੰ ਸ ਸ ਮੀਸ਼ਾ ਤੇ ਹਰਭਜਨ ਸਿੰਘ ਬਟਾਲਵੀ ਨੇ ਦਿੱਤੀ ਸੀ। ਇਸ ਮੌਕੇ ਸ਼੍ਰੀਮਤੀ ਸੰਤੋਸ਼ ਰਿਸ਼ੀ ਜੀ ਨੇ ਆਕਾਸ਼ਵਾਣੀ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੇਂਦਰ ਨੇ 1947 ਵਿੱਚ ਸਥਾਪਤ ਹੋਣ ਮਗਰੋਂ ਪੰਜਾਬ ਦੇ ਪੇਂਡੂ ਵਿਕਾਸ, ਹਰੇ ਇਨਕਲਾਬ ਦੀ ਸਿਰਜਣਾ ਅਤੇ ਗੁਰਬਾਣੀ ਤੇ ਲੋਕ ਪ੍ਰਸਾਰਨ ਵਿੱਚ ਵਡਮੁੱਲਾ ਹਿੱਸਾ ਪਾਇਆ ਹੈ। ਲੋਕਾਂ ਅਤੇ ਵਿਕਾਸ ਅਦਾਰਿਆਂ ਵਿਚਕਾਰ ਮਜਬੂਤ ਪੁਲ ਦੇ ਰੂਪ ਵਿੱਚ ਇਸਨੂੰ ਅੱਜ ਵੀ ਉੱਘਾ ਯੋਗਦਾਨ ਪਾਉਣ ਦਾ ਮਾਣ ਮਿਲ ਰਿਹਾ ਹੈ। ਇਸ ਮੌਕੇ ਆਕਾਸ਼ਵਾਣੀ ਦੇ ਦੇਹਾਤੀ ਪ੍ਰੋਗ੍ਰਾਮ ਇੰਚਾਰਜ ਗੁਰਵਿੰਦਰ ਸਿੰਘ ਸੰਧੂ, ਸੀਨੀਅਰ ਪੇਸ਼ਕਾਰ ਸਰਬਜੀਤ ਰਿਸ਼ੀ, ਸਿਰਕੱਢ ਪੰਜਾਬੀ ਕਹਾਣੀਕਾਰ ਸੁਖਜੀਤ, ਮਨਦੀਪ ਸਿੰਘ ਘੁਮਾਣ (ਡਡਿਆਣਾ), ਸ਼੍ਰੀ ਮੋਹਨ ਗ੍ਰਾਮੀਣ ਬੈਂਕ ਕਪੂਰਥਲਾ ਤੇ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ ਵੀ ਹਾਜ਼ਰ ਸਨ। ਇਸ ਮੌਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗ੍ਰਾਮ ਸਿਰਜਣਾ ਲਈ ਪ੍ਰੋਗ੍ਰਾਮ ਨਿਰਮਾਤਾ ਏ ਏ ਇਮਤਿਆਜ਼ ਵੱਲੋਂ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਸ਼੍ਰੀ ਸੁਖਜੀਤ ਵੱਲੋਂ ਕੀਤੀ ਵਿਸ਼ੇਸ਼ ਮੁਲਾਕਾਤ ਵੀ ਰੀਕਾਰਡ ਕੀਤੀ ਗਈ। ਇਹ ਮੁਲਾਕਾਤ 6 ਨਵੰਬਰ ਦਿਨ ਐਤਵਾਰ ਨੂੰ ਸ਼ਾਮੀਂ ਚਾਰ ਵਜੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਵੇਗੀ।