ਏ.ਐੱਸ.ਆਈ ਦੇ ਹੱਥੋਂ ਚੱਲੀ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ, ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਦਿੱਤਾ ਧਰਨਾ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਇਕ ਦੁਕਾਨ ‘ਚ ਏ.ਐੱਸ.ਆਈ ਦੇ ਹੱਥੋਂ ਚੱਲੀ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਦੁਕਾਨਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਅਮਨਦੀਪ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਪਰਿਵਾਰਕ ਮੈਂਬਰ ਏਐਸਆਈ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਹੈ। ਉਸ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਏਐਸਆਈ ਹਰਭਜਨ ਸਿੰਘ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਲਿਬਰਟੀ ਮਾਰਕੀਟ ਵਿੱਚ ਮੋਬਾਈਲ ਦੀ ਦੁਕਾਨ ’ਤੇ ਮੋਬਾਈਲ ਵੇਖਣ ਆਇਆ ਸੀ। ਇਸ ਦੌਰਾਨ ਉਸ ਨੇ ਆਪਣੀ ਸਰਕਾਰੀ ਪਿਸਤੌਲ ਕੱਢ ਕੇ ਲੋਕਾਂ ਨੂੰ ਵਿਖਾਈ। ਇਸ ਦੌਰਾਨ ਰਿਵਾਲਵਰ ‘ਚੋਂ ਗੋਲੀ ਚੱਲ ਗਈ ਅਤੇ ਮੋਬਾਈਲ ਦਿਖਾ ਰਹੇ 27 ਸਾਲਾ ਅੰਕੁਸ਼ ਦੀ ਛਾਤੀ ‘ਚ ਲੱਗੀ। ਦੁਕਾਨਦਾਰਾਂ ਨੇ ਤੁਰੰਤ ਅੰਕੁਸ਼ ਨੂੰ ਅਮਨਦੀਪ ਹਸਪਤਾਲ ‘ਚ ਦਾਖਲ ਕਰਵਾਇਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਏਐਸਆਈ ਹਰਭਜਨ ਸਿੰਘ ਲਾਰੈਂਸ ਰੋਡ ਚੌਕੀ ’ਤੇ ਤਾਇਨਾਤ ਸੀ। ਜਦੋਂ ਹਾਦਸਾ ਵਾਪਰਿਆ ਤਾਂ ਉਹ ਡਿਊਟੀ ‘ਤੇ ਸੀ। ਡਿਊਟੀ ਅੱਧ ਵਿਚਾਲੇ ਛੱਡ ਕੇ ਉਹ ਮੋਬਾਈਲ ਲੈਣ ਪਹੁੰਚ ਗਿਆ ਸੀ। ਸ਼ਕਤੀ ਨਗਰ ਨਿਵਾਸੀ ਅੰਕੁਸ਼ ਦੀ ਹਾਲਤ ਦੇਖ ਕੇ ਏਐਸਆਈ ਮੌਕੇ ਤੋਂ ਭੱਜਣ ਲੱਗਾ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਰਾਤ ਤੱਕ ਏ.ਐੱਸ.ਆਈ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ ਪਰ ਪਰਿਵਾਰ ਅਤੇ ਦੁਕਾਨਦਾਰਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਸ ਨੇ ਉਸ ਨੂੰ ਹਿਰਾਸਤ ‘ਚ ਲੈ ਕੇ ਸਸਪੈਂਡ ਕਰ ਦਿੱਤਾ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।