
ਬਟਾਲਾ, 8 ਮਾਰਚ 2025 : ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਕੋਰਸ ਦੇ ਆਖਰੀ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਰੋਜ਼ਗਾਰ ਅਤੇ ਇੰਟਰਵਿਊ ਲਈ ਤਿਆਰ ਕਰਨ ਦੇ ਮੰਤਵ ਨਾਲ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਯੋਗ ਅਗਵਾਈ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਕੈਰੀਅਰ ਕਾਉਂਸਲਿਂਗ ਵਿਭਾਗ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਾਫਟ ਸਕਿਲ ਤੇ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਲਈ ਐਲ. ਪੀ. ਯੂ. ਤੋਂ ਪ੍ਰੋ ਵਰੁਣ ਜੈਨ ਅਤੇ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਆਏ ਹੋਏ ਮਾਹਰਾਂ ਦਾ ਜੀ ਆਇਆਂ ਕੀਤਾ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਕੋਰਸ ਦੀ ਪੜ੍ਹਾਈ ਦੇ ਨਾਲ ਨਾਲ ਭਵਿੱਖ ਵਿੱਚ ਉਨ੍ਹਾਂ ਲਈ ਸਾਫਟ ਸਕਿਲ ਦੀ ਮਹੱਤਤਾ ਹੋਰ ਵੱਧ ਜਾਵੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਤੇ ਮਿਲਣ ਵਾਲੀ ਜਾਣਕਾਰੀ ਨੂੰ ਧਿਆਨ ਨਾਲ ਗ੍ਰਹਿਣ ਕਰਨ ਅਤੇ ਉਸ ਦਾ ਪੂਰੀ ਤਰ੍ਹਾਂ ਲਾਭ ਲੈਣ। ਪ੍ਰੋ ਵਰੁਣ ਜੈਨ ਅਤੇ ਸੁਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇੰਟਰਵਿਊ ਦੇ ਮੌਕੇ ਤੇ ਆਉਣ ਵਲੀਆਂ ਚੁਣੌਤੀਆਂ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਲਈ ਮਹੱਤਵਪੂਰਣ ਕਰੀਕੁਲਮ ਵਾਈਟੇ (ਸੀ. ਵੀ.) ਤਿਆਰ ਕਰਨ ਦੀ ਵੀ ਟ੍ਰੇਨਿਗ ਦਿੱਤੀ। ਇਹ ਵਰਕਸ਼ਾਪ ਸਿਰਫ ਲੈਕਚਰ ਤੱਕ ਹੀ ਸੀਮਿਤ ਨਹੀ ਰਹੀ, ਬਲਕਿ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਗਤੀਵਿਧੀਆਂ ‘ਤੇ ਵੀ ਕੇਂਦ੍ਰਤ ਰਹੀ ਅਤੇ ਵਿਦਿਆਰਥੀਆਂ ਨੇ ਹੱਸਦੇ-ਖੇਡਦੇ ਕਈ ਨਵੀਆਂ ਗੱਲਾਂ ਸਿੱਖੀਆਂ। ਵਰਕਸ਼ਾਪ ਦੀ ਸਮਾਪਤੀ ਤੇ ਸਿਵਲ ਵਿਭਾਗ ਦੇ ਮੁਖੀ ਸ਼ਿਵਰਾਜਨ ਪੁਰੀ ਨੇ ਆਏ ਹੋਏ ਮਾਹਰਾਂ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਉਹ ਅੱਗੋਂ ਤੋਂ ਵੀ ਕਾਲਜ ਵਿੱਚ ਅਜਿਹੀਆਂ ਵਰਕਸ਼ਾਪ ਕਰਨ ਲਈ ਆਉਂਦੇ ਰਹਿਣਗੇ। ਵਿਦਿਆਰਥੀਆਂ ਨੇ ਵੀ ਉਤਸ਼ਾਹ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਹ ਵਰਕਸ਼ਾਪ ਬਹੁਤ ਲਾਭਦਾਇਕ ਲੱਗੀ। ਇਸ ਮੈਕੇ ਕੈਮੀਕਲ ਵਿਭਾਗ ਦੇ ਇੰਚਾਰਜ ਮੈਡਮ ਰੇਖਾ, ਈ.ਸੀ.ਈ. ਵਿਭਾਗ ਦੇ ਇੰਚਾਰਜ ਜਗਦੀਪ ਸਿੰਘ ਅਤੇ ਲੈਕਚਰਾਰ ਰੋਹਿਤ ਵਾਡਰਾ ਵੀ ਮੌਜੂਦ ਸਨ।