
ਤਰਨ ਤਾਰਨ, 27 ਮਾਰਚ 2025 : ਸਮੂਹ ਸਰਕਾਰੀ ਸਕੂਲਾਂ 'ਚ ਸਾਲ ਭਰ ਹੋਈਆਂ ਵਿਦਿਅਕ ਗਤੀ-ਵਿਧੀਆਂ ਅਤੇ ਮਾਰਚ ਮਹੀਨੇ ਦੌਰਾਨ ਕੀਤੇ ਗਏ ਵਿਸ਼ਾ-ਵਾਰ ਮੁਲਾਂਕਣ ਦਾ ਵਿਸ਼ਲੇਸ਼ਣ ਕਰਨ ਉਪਰੰਤ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਿਆਂ ਨਾਲ ਸਾਂਝਾ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਮਿਤੀ 29 ਮਾਰਚ ਨੂੰ ਪੰਜਾਬ ਦੇ ਸਮੂਹ ਸਕੂਲਾਂ 'ਚ ਮਾਪੇ ਅਧਿਆਪਕ ਮਿਲਣੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਤਨਾਮ ਸਿੰਘ ਬਾਠ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਜਗਵਿੰਦਰ ਸਿੰਘ ਲਹਿਰੀ ਨੇ ਦੱਸਿਆ, ਕਿ ਇਸੇ ਲੜੀ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਜਮਾਤਾਂ ਨੂੰ ਲੈ ਕੇ ਮਾਪੇ ਅਧਿਆਪਕ ਮਿਲਣੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪੇ ਸਾਹਿਬਾਨ ਆਪਣੇ ਬੱਚੇ ਦੀ ਪੂਰੇ ਸੈਸ਼ਨ ਦੌਰਾਨ ਪੜ੍ਹਾਈ ਦੇ ਪੱਧਰ, ਇਸ ਨੂੰ ਹੋਰ ਬਿਹਤਰ ਕਰਨ, ਵੱਖ-ਵੱਖ ਵਿਦਿਅਕ ਗਤੀ-ਵਿਧੀਆਂ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਿਲ ਕਰ ਸਕਣਗੇ। ਡੀ ਈ ਓ ਐਲੀਮੈਂਟਰੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰਾਮਨੀ ਵੀ ਕਰਵਾਈ ਜਾਵੇਗੀ। ਡਿਪਟੀ ਡੀ ਈ ਓ ਸੈਕੰਡਰੀ ਪਰਮਜੀਤ ਸਿੰਘ ਅਤੇ ਡਿਪਟੀ ਡੀ ਈ ਓ ਐਲੀਮੈਂਟਰੀ ਸੁਰਿੰਦਰ ਕੁਮਾਰ ਨੇ ਗੱਲਬਾਤ ਦੌਰਾਨ ਇਸ ਨੂੰ ਇੱਕ ਵਿਸੇ਼ਸ ਦਿਨ ਦੱਸਦਿਆ ਕਿਹਾ ਕਿ ਇਸ ਮੀਟਿੰਗ ਵਿੱਚ ਅਧਿਆਪਕਾਂ ਅਤੇ ਮਾਪਿਆਂ ਵਿੱਚ ਸਿੱਧਾ ਰਾਬਤਾ ਕਾਇਮ ਕੀਤਾ ਜਾਂਦਾ ਹੈ, ਜੋ ਕਿ ਬਹੁਤ ਲਾਹੇਵੰਦ ਸਾਬਿਤ ਹੁੰਦਾ ਹੈ। ਉਹਨਾਂ ਕਿਹਾ ਕਿ ਮਿਲਣੀ ਦੌਰਾਨ ਮਾਪਿਆਂ, ਪੰਚਾਇਤ ਮੈਂਬਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪਿੰਡਾਂ ਸ਼ਹਿਰਾਂ ਦੇ ਪਤਵੰਤੇ ਸੱਜਣਾ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਉਹਨਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦਾ ਦਾਖ਼ਲਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਡੀ ਈ ਓ ਸੈਕੰਡਰੀ ਸਤਿਨਾਮ ਸਿੰਘ ਬਾਠ ਨੇ ਕਿਹਾ, ਕਿ ਇਸ ਮਿਲਣੀ ਨੂੰ ਸਫ਼ਲ ਬਣਾਉਣ ਲਈ ਸਮੂਹ ਅਧਿਕਾਰੀ, ਸਕੂਲ ਮੁਖੀ, ਡੀ ਆਰ ਸੀਜ਼ ਅਤੇ ਬੀ ਆਰ ਸੀਜ਼, ਰੋਜ਼ਾਨਾ ਅਨਾਉਂਸਮੈਂਟਾਂ ਕਰਵਾ ਕੇ, ਪੋਸਟਰ ਜਾਰੀ ਕਰਕੇ ਤੇ ਆਡੀਓ/ਵੀਡੀਓ ਸੁਨੇਹੇ ਭੇਜ ਕੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰ ਕਮਿਊਨਿਟੀ ਮੈਂਬਰਾਂ ਨੂੰ ਮਾਪੇ ਅਧਿਆਪਕ ਮਿਲਣੀ ਬਾਰੇ ਅਗਾਊਂ ਜਾਣਕਾਰੀ ਪ੍ਰਦਾਨ ਕਰਨਗੇ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਰੱਖੀ ਗਈ ਇਹ ਮਾਪੇ-ਅਧਿਆਪਕ ਮਿਲਣੀ ਵਿਦਿਆਰਥੀਆਂ ਦੇ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਵੇਗੀ।