
- ਗੜੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਦੇ ਪਸ਼ੂ ਧਨ ਲਈ ਚਾਰਾ ਵੰਡਿਆ
ਅੰਮ੍ਰਿਤਸਰ, 9 ਮਾਰਚ 2025 : ਬੀਤੇ ਦਿਨੀ ਰਾਜਾਸਾਂਸੀ ਤੇ ਅਜਨਾਲਾ ਹਲਕੇ ਵਿੱਚ ਭਾਰੀ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਨਾਲ ਨਾਲ ਪਸ਼ੂ ਧਨ ਲਈ ਬੀਜਿਆ ਗਿਆ ਚਾਰਾ ਵੀ ਨਸ਼ਟ ਹੋ ਗਿਆ ਸੀ। ਜਿਸਦੇ ਚੱਲਦੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਭਰੋਸਾ ਦਿੱਤਾ ਸੀ ਕਿ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਵੇਗਾ, ਸੋ ਅੱਜ ਉਹਨਾਂ ਨੇ ਪੰਜਾਬ ਐਗਰੋ ਦੇ ਫੋਡਰ ਸਟੋਕ ਤੋਂ 2500 ਦੇ ਕਰੀਬ ਪਸ਼ੂਆਂ ਲਈ ਚਾਰਾ ਕਿਸਾਨਾਂ ਨੂੰ ਵੰਡਿਆ। ਉਹਨਾਂ ਦੱਸਿਆ ਕਿ ਸਾਡੇ ਸਰਵੇ ਦੇ ਅਨੁਸਾਰ 3600 ਦੇ ਕਰੀਬ ਪਸ਼ੂ ਇਸ ਇਲਾਕੇ ਵਿੱਚ ਚਾਰੇ ਦੀ ਥੋੜ ਤੋਂ ਪੀੜਤ ਹੋਏ ਹਨ। ਅਸੀਂ ਹੁਣ ਤੱਕ 2500 ਪਸ਼ੂਆਂ ਨੂੰ ਚਾਰਾ ਵੰਡ ਚੁੱਕੇ ਹਾਂ ਅਤੇ ਬਾਕੀ ਪਸ਼ੂਆਂ ਨੂੰ ਵੀ ਚਾਰਾ ਛੇਤੀ ਭੇਜ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਇਲਾਕੇ ਦੇ ਵਿੱਚ ਗਿਰਦਾਵਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਛੇਤੀ ਹੀ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਵੀ ਜਾਰੀ ਕਰ ਦਿੱਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਮੁਆਵਜੇ ਦੀ ਵੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਿਫਾਰਿਸ਼ ਜਾਂ ਕਾਣੀ ਵੰਡ ਨਹੀਂ ਹੋਵੇਗੀ, ਜਿਸ ਵੀ ਕਿਸਾਨ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ, ਉਸ ਹਿਸਾਬ ਨਾਲ ਉਸ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਣਗੇ। ਇਸ ਮੌਕੇ ਸ ਜਸਪਾਲ ਸਿੰਘ ਅਜਨਾਲਾ ਤੋਂ ਇਲਾਵਾ ਪੰਜਾਬ ਐਗਰੋ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।