
- ਸਿਹਤ ਵਿਭਾਗ ਵਲੋਂ ਮੋਮੋਜ਼, ਨੂਡਲਜ਼ ਅਤੇ ਸਪਰਿੰਗ ਰੋਲ ਦੀ ਕੀਤੀ ਜਾਂਚ ਅਤੇ ਭਰੇ ਸੈਪਲ, ਜਾਰੀ ਕੀਤੇ 2 ਸੁਧਾਰ ਨੋਟਿਸ
ਤਰਨ ਤਾਰਨ, 21 ਮਾਰਚ 2025 : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਾਰੀ ਹੁਕਮਾਂ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰਾਪਤ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜਿਲਾ ਤਰਨ ਤਾਰਨ ਦੇ ਸਿਹਤ ਅਫਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਸਬ ਡਵੀਜ਼ਨ ਤਰਨ ਤਾਰਨ ਅਤੇ ਪੱਟੀ ਵਿਖੇ ਗੁੜ ਦੇ ਵੇਲਣਿਆ, ਰੇਹੜੀਆਂ 'ਤੇ ਵੇਚੇ ਜਾਣ ਵਾਲੇ ਸਮਾਨ ਦੀ ਜਾਂਚ ਕੀਤੀ। ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਵੇਲਣਿਆ ਅਤੇ ਦੁਕਾਨਾਂ ਤੇ ਵਿਕਣ ਵਾਲੇ ਖੁਲੇ ਅਤੇ ਪੈਕੇਟ-ਨੁਮਾ ਗੁੜ ਦੀ ਜਾਂਚ ਖੁਰਾਕ ਸੁਰੱਖਿਆ ਵਿੰਗ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਵੱਲੋਂ ਬੁੱਧਵਾਰ ਨੂੰ ਤਰਨ ਤਾਰਨ ਸ਼ਹਿਰ ਅਤੇ ਵੀਰਵਾਰ ਨੂੰ ਸਬ ਡਵੀਜ਼ਨ ਪੱਟੀ ਦੇ ਖੇਤਰ ਵਿਖੇ ਜਾਂਚ ਕੀਤੀ ਗਈ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕੀ ਗੁੜ ਦੀ ਜਾਂਚ ਤੋਂ ਇਲਾਵਾ ਉਹਨਾਂ ਵੱਲੋਂ ਰੇਹੜੀਆਂ ਤੇ ਵਿਕਣ ਵਾਲੇ ਮੋਮੋਜ, ਨੋਡਲਜ, ਬਰਗਰ ਅਤੇ ਸਪਰਿੰਗ ਰੋਲ ਵਾਲੀਆਂ ਰੇਹੜੀਆਂ ਦੀ ਜਾਂਚ ਕੀਤੀ ਗਈ। ਜਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਬਾਜ਼ਾਰੀ ਖਾਣ-ਪੀਣ ਦੀਆਂ ਵਸਤੂਆਂ ਨੂੰ ਤਿਆਰ ਕਰਨ ਵਾਲੇ ਸਥਾਨਾਂ ਦਾ ਦੌਰਾ ਕਰਕੇ ਖੁਰਾਕ ਸੁਰੱਖਿਆ ਦੇ ਮਾਪਦੰਡਾ ਨੂੰ ਵਾਚਿਆ ਗਿਆ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤੂਆਂ ਦੇ 15 ਸੈਂਪਲ ਅਗਲੇਰੀ ਜਾਂਚ ਲਈ ਇਕੱਤਰ ਕੀਤੇ ਗਏ। ਇਸ ਤੋਂ ਇਲਾਵਾ ਜਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਜਿਹੜੀਆਂ ਵੀ ਦੁਕਾਨਾਂ ਅਤੇ ਰੇਹੜੀਆਂ ਤੇ ਖਾਮੀਆਂ ਪਾਈਆਂ ਗਈਆਂ ਉਨਾਂ ਨੂੰ ਮੌਕੇ ਤੇ ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ ਅਤੇ ਦੁਕਾਨਦਾਰਾਂ ਨੂੰ ਖੁਰਾਕ ਸੁਰੱਖਿਆ ਦੇ ਮਾਪਦੰਡਾ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਕੀਤੀ ਗਈ। ਜਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਿਹਤ ਵਿਭਾਗ ਵੱਲੋਂ ਖੁਰਾਕ ਸੁਰੱਖਿਆ ਦੇ ਮਾਪਦੰਡਾ ਬਾਰੇ ਰੇਹੜੀਆਂ ਅਤੇ ਦੁਕਾਨਦਾਰਾਂ ਦੀ ਟਰੇਨਿੰਗ ਕਰਵਾਈ ਗਈ ਹੈ। ਜਿਸ ਵਿੱਚ ਉਹਨਾਂ ਨੂੰ ਖਾਣ-ਪੀਣ ਦਾ ਸਮਾਨ ਤਿਆਰ ਕਰਨ ਅਤੇ ਵੇਚਣ ਸਮੇਂ ਪਾਲਣ ਕੀਤੇ ਜਾਣ ਵਾਲੇ ਮਾਪਦੰਡਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਵੀ ਇਸ ਚੈਕਿੰਗ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਜਿਹੜੇ ਵੀ ਦੁਕਾਨਦਾਰਾਂ ਜਾਂ ਰੇਹੜੀ ਵਾਲਿਆ ਪਾਸ ਸਮਾਨ ਤਿਆਰ ਜਾਂ ਫਿਰ ਵੇਚਣ ਦਾ ਲਾਇਸੈਂਸ ਨਹੀਂ ਹੋਵੇਗਾ ਤਾਂ ਉਸ ਵਿਰੁੱਧ ਬਣਦੀ ਵਿਭਾਗੀ ਕਰਵਾਈ ਕੀਤੀ ਜਾਵੇਗੀ। ਇਸ ਮੌਕੇ ਫ਼ੂਡ ਸਫੇਟੀ ਅਫ਼ਸਰ ਅਸ਼ਵਨੀ ਕੁਮਾਰ ਅਤੇ ਫ਼ੂਡ ਸੇਫਟੀ ਅਫ਼ਸਰ ਸਾਕਸ਼ੀ ਖੋਸਲਾ ਵੀ ਮੌਜੂਦ ਰਹੇ।