'ਸਕੂਲ ਆਫ਼ ਐਮੀਨੈਂਸ' ਕਿਲਾ ਮੰਡੀ ਕੈਂਪਸ ਵਿਖੇ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਮਿਡ ਡੇ ਮੀਲ ਲਈ ਉਸਾਰੇ ਨਵੇਂ ਹਾਲ ਦਾ ਉਦਘਾਟਨ

  • ਸਰਕਾਰ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਸਾਫ ਸੁਥਰਾ ਮਿਡ ਡੇ ਮੀਲ ਮੁਹੱਈਆ ਕਰਵਾਇਆ ਜਾ ਰਿਹਾ ਹੈ-ਸ੍ਰੀਮਤੀ ਰਾਜਬੀਰ ਕੌਰ ਕਲਸੀ

ਬਟਾਲਾ, 22 ਮਾਰਚ 2025 : 'ਸਕੂਲ ਆਫ਼ ਐਮੀਨੈਂਸ' ਕਿਲਾ ਮੰਡੀ ਕੈਂਪਸ ਬਟਾਲਾ ਵਿਖੇ ਮਿਡ ਡੇ ਮੀਲ ਹਾਲ ਦਾ ਉਦਘਾਟਨ, ਜਿੱਥੇ ਕਿ 6ਵੀਂ ਤੋਂ 8ਵੀਂ ਸ਼ਰੇਣੀ ਦੇ ਵਿਦਿਆਰਥੀ ਪੜ੍ਹਦੇ ਹਨ, ਵਿਖੇ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਮਿਡ ਡੇ ਮੀਲ ਲਈ ਸਮੱਗਰਾਂ ਸਿੱਖਿਆ ਅਭਿਆਨ 2024-25 ਦੌਰਾਨ ਨਵਾਂ ਹਾਲ ਤਿਆਰ ਕਰਵਾਇਆ ਗਿਆ ਹੈ, ਜਿਸਦਾ ਉਦਘਾਟਨ ਸ੍ਰੀਮਤੀ ਰਾਜਬੀਰ ਕੌਰ ਕਲਸੀ ਧਰਮ ਪਤਨੀ ਵਿਧਾਇਕ ਬਟਾਲਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨ ਸ਼ੇਰ ਸਿੰਘ ਕਲਸੀ ਵਲੋਂ ਕੀਤਾ ਗਿਆ। ਇਸ ਉਦਘਾਟਨ ਸਮਾਗਮ ਵਿਖੇ ਪਹੁੰਚਣ ਮੌਕੇ 'ਸਕੂਲ ਆਫ ਐਮੀਨੈਂਸ' ਬਟਾਲਾ ਦੇ ਪਿ੍ਰੰਸੀਪਲ ਬਲਵਿੰਦਰ ਕੌਰ ਸਟੇਟ ਐਵਾਰਡੀ, ਸ੍ਰੀਮਤੀ ਕਵਲਜੀਤ ਕੌਰ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਜੋਗਿੰਦਰ ਸਿੰਘ ਅੱਚਲੀਗੇਟ ਸਮੇਤ ਸਮੂਹ ਮੈਂਬਰ ਸਾਹਿਬਾਨ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮੁੱਖ ਮਹਿਮਾਨ ਸ੍ਰੀਮਤੀ ਰਾਜਬੀਰ ਕੌਰ ਅਤੇ ਨਾਲ ਆਏ ਮਹਿਮਾਨਾਂ ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਸ੍ਰੀ ਨਵਦੀਪ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।  ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਸ੍ਰੀਮਤੀ ਰਾਜਬੀਰ ਕੌਰ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਹਾਲ ਸਮਰਪਿਤ ਕਰਦਿਆ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਸਾਫ ਸੁਥਰਾ ਮਿਡ ਡੇ ਮੀਲ ਮੁਹੱਈਆ ਕਰਾਉਣ ਲਈ ਇਹ ਅਤਿਅੰਤ ਸਲਾਘਾਯੋਗ ਕਦਮ ਹੈ ਅਤੇ ਵਿਦਿਆਰਥੀ ਕਿਸਮਤ ਵਾਲੇ ਹਨ ਜਿਨਾਂ ਨੂੰ ਅਜਿਹੀਆਂ ਸਹੂਲਤਾਂ ਮਿਲ ਰਹੀਆਂ ਹਨ। ਉਨਾਂ ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਲਈ ਕਿਹਾ, ਜਿਸ ਨਾਲ ਉਹ ਤਰੱਕੀਆਂ ਦੀਆਂ ਉਚਾਈਆਂ ਨੂੰ ਸਰ ਕਰ ਸਕਦੇ ਹਨ। ਉਨ੍ਹਾਂ ਸਕੂਲ ਪਿ੍ਰੰਸੀਪਲ ਐਸ.ਐਮ.ਸੀ ਅਤੇ ਸਮੂਹ ਸਟਾਫ ਦੀ ਇਸ ਕਾਰਜ ਲਈ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਪਿ੍ਰੰਸੀਪਲ ਬਲਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਜਿੱਥੇ ਮੁੱਖ ਮਹਿਮਾਨ ਦਾ ਉਦਘਾਟਨ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ, ਉਥੇ ਹੀ 'ਸਕੂਲ ਆਫ ਐਮੀਨੈਂਸ' ਬਟਾਲਾ ਵਿਖੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਸੁਧਾਰ ਲਈ ਕਰਵਾਏ ਜਾ ਰਹੇ ਉਪਰਾਲਿਆਂ ਲਈ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ਪਿ੍ਰੰਸੀਪਲ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਲਈ ਬਣਾਏ ਗਏ ਹਾਲ ਅਤੇ ਸਕੂਲ ਦੇ ਕਿਲਾ ਮੰਡੀ ਕੈਂਪਸ ਦੀਆਂ ਉਪਲੱਬਧੀਆਂ ਬਾਰੇ ਦੱਸਿਆ ਅਤੇ ਆਏ ਐਸ.ਐਮ.ਸੀ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸ.ਐਮ.ਸੀ ਮੈਂਬਰ ਮਾਸਟਰ ਜੋਗਿੰਦਰ ਸਿੰਘ ਨੇ ਵੀ ਨਵੇਂ ਹਾਲ ਦੇ ਉਦਘਾਟਨ ਮੌਕੇ ਵਿਦਿਆਰਥੀਆਂ ਨੂੰ ਮੁਬਾਰਕ ਦਿੱਤੀ ਅਤੇ ਮਿਹਨਤ ਨਾਲ ਪੜਾਈ ਕਰਨ ਲਈ ਕਿਹਾ। ਇਸ ਮੌਕੇ ਮੁੱਖ ਮਹਿਮਾਨ ਅਤੇ ਨਾਲ ਆਏ ਹੋਏ ਮਹਿਮਾਨਾਂ ਨੂੰ ਯਾਦ ਚਿੰਨ੍ਹ ਭੇਂਟ ਕੀਤੇ ਗਏ। ਸਟੇਜ ਸਕੱਤਰ ਦੀ ਡਿਊਟੀ ਸ੍ਰੀ ਹਰਪ੍ਰੀਤ ਸਿੰਘ, ਵੋਕੇਸ਼ਨਲ ਲੈਕਚਰਾਰ ਕਮ ਸਕੂਲ ਨੋਡਲ, ਐਸ.ਓ.ਈ ਬਟਾਲਾ ਨੇ ਨਿਭਾਈ। ਇਸ ਮੌਕੇ ਸਕੂਲ ਆਫ ਐਮੀਨੈਂਸ ਬਟਾਲਾ ਦੇ ਕਿਲਾ ਮੰਡੀ ਕੈਂਪਸ ਅਤੇ ਧਰਮਪੁਰਾ ਕਲੋਨੀ ਕੈਂਪਸ ਦੇ ਸਟਾਫ ਮੈਂਬਰ ਵੀ ਹਾਜਰ ਸਨ।