ਬ੍ਰਿਗੇਡੀਅਰ ਆਈ.ਐਸ. ਭੱਲਾ ਵੱਲੋਂ ਟੀਮ ਸਮੇਤ ਪਵਿੱਤਰ ਕਾਲੀ ਵੇਈਂ ਦਾ ਦੌਰਾ

ਸੁਲਤਾਨਪੁਰ ਲੋਧੀ : ਬ੍ਰਿਗੇਡੀਅਰ ਆਈ.ਐਸ ਭੱਲਾ, ਗਰੁੱਪ ਕਮਾਂਡਰ, ਐਨਸੀਸੀ ਗਰੁੱਪ ਅਤੇ ਹੈੱਡਕੁਆਰਟਰ ਕਰਨਲ ਵਿਸ਼ਾਲ ਉੱਪਲ, ਕਮਾਂਡਿੰਗ ਅਫਸਰ, 21 ਪੰਜਾਬ ਬਟਾਲੀਅਨ ਐਨਸੀਸੀ ਕਪੂਰਥਲਾ ਵੱਲੋਂ ਟੀਮ ਸਮੇਤ ਪਵਿੱਤਰ ਕਾਲੀ ਵੇਈਂ ਦਾ ਦੌਰਾ ਕੀਤਾ ਗਿਆ। ਜਿੱਥੇ ਉਹਨਾਂ ਵੱਲੋਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਉਹਨਾਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਐਨ.ਸੀ.ਸੀ ਵੱਲੋਂ ਦੇਸ਼ ਅਤੇ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਉਹਨਾਂ ਵੱਲੋ ਐਨ.ਸੀ.ਸੀ ਦੁਆਰਾ ਦਰਪੇਸ਼ ਵੱਖ-ਵੱਖ ਮੁੱਦਿਆਂ ਦੇ ਸਬੰਧ ਵਿੱਚ ਚਿੰਤਾਵਾਂ ਸਾਂਝੀਆਂ ਕਰਦਿਆ ਹੋਇਆ ਰਾਸ਼ਟਰੀ ਪੱਧਰ 'ਤੇ ਪੁਨੀਤ ਸਾਗਰ ਅਭਿਆਨ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਹਨਾਂ ਡੀ.ਜੀ. ਐਨ.ਸੀ.ਸੀ ਤਰਫੋਂ ਸੰਤ ਸੀਚੇਵਾਲ ਜੀ ਨੂੰ ਬੇਨਤੀ ਕੀਤੀਕਿ ਉਹ ਪੁਨੀਤ ਸਾਗਰ ਅਭਿਆਨ ਵਿਚ ਸ਼ਾਮਿਲ ਹੋ ਕੇ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਆਪਣੀ ਮੁਹਾਰਤ ਸਾਂਝੀ ਕਰਨ। ਬ੍ਰਿਗੇਡੀਅਰ ਆਈ.ਐਸ. ਭੱਲਾ ਵੱਲੋਂ ਐਨ.ਸੀ.ਸੀ ਦੀਆਂ ਵਿਸ਼ੇਸ਼ਤਾਵਾਂ ਨੂੰ ਦੱਸਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ਵਿਚ ਜਾਣ ਤੇ ਨਸ਼ਿਆਂ ਤੋਂ ਰੋਕਣ ਲਈ ਐਨ.ਸੀ.ਸੀ ਦਾ ਕੈਂਪ ਬੱਚੇ ਲਈ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਦੇਸ਼ ਭਰ ਦੇ 13 ਲੱਖ ਐਨ.ਸੀ.ਸੀ ਕੈਡਿਟ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰ ਕਰਦੇ ਹਨ ਕਿ ਉਹ ਦੇਸ਼ ਜਾਂ ਸਮਾਜ ਦੇ ਦਰਦ ਨਾਲ ਨਜਿੱਠਣ ਲਈ ਭਵਿੱਖ ਵਿੱਚ ਗਿਣੀ ਜਾਣ ਵਾਲੀ ਤਾਕਤ ਬਣ ਸਕਦੇ ਹਨ। ਇਸ ਸਿਖਲਾਈ ਲਈ ਤਿੰਨਾਂ ਸੇਵਾਵਾਂ ਦੇ ਅਧਿਕਾਰੀ ਪੀ.ਆਈ. ਸਟਾਫ਼ ਅਤੇ ਐਨਸੀਸੀ ਅਧਿਕਾਰੀ ਦਿਨ-ਰਾਤ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਸਦੇ ਸਰਟੀਫਿਕੇਟ ਨਾਲ ਬੱਚੇ ਨੂੰ ਭਵਿੱਖ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਦੀਆਂ ਹਨ। ਉਹਨਾਂ ਕਿਹਾ ਕਿ ਇਹ ਕੈਂਪ ਬੱਚਿਆਂ ਨੂੰ ਸਮਾਜਿਕ ਜਿੰਮੇਵਾਰੀਆਂ ਨੂੰ ਸਮਝਣ ਦੇ ਕਾਬਿਲ ਬਣਾਉਂਦਾ ਹੈ। ਮੀਟਿੰਗ ਦੌਰਾਨ ਉਹਨਾਂ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕੈਂਪ ਲਗਾਉੇਣ ਦੀ ਇੱਛਾ ਵੀ ਪ੍ਰਗਟਾਈ ਗਈ। ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਮੀਟਿੰਗ ਦੌਰਾਨ ਗੱਲਬਾਤ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਐਨ.ਸੀ.ਸੀ ਦੀ ਬਹੁਤ ਵੱਡੀ ਭਾਗੇਦਾਰੀ ਹੈ। ਉਹਨਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਸੰਤ ਸੀਚੇਵਾਲ ਨੇ ਕਿਹਾ ਕਿ ਪੁਨੀਤ ਸਾਗਰ ਅਭਿਆਨ ਅਤੇ ਐਨ.ਸੀ.ਸੀ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਤਰ੍ਹਾਂ ਦੇ ਸੰਭਵ ਯਤਨ ਕਰਨਗੇ। ਉਹਨਾਂ ਕਿਹਾ ਕਿ ਉਹ ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦੀ ਵੇਈਂ ਕਿਨਾਰੇ ਆਰਮੀ ਅਤੇ ਨੇਵੀ ਐਨਸੀਸੀ ਕੈਂਪਾਂ ਦਾ ਆਯੋਜਨ ਕਰਨ ਵਿਚ ਵੀ ਪੂਰਾ ਸਹਿਯੋਗ ਕਰਨਗੇ। ਇਸ ਉਪਰੰਤ ਸੰਤ ਸੀਚੇਵਾਲ ਵੱਲੋਂ ਉਹਨਾਂ ਨੂੰ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕਰਵਾਏ ਗਏ ਤੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਬਾਰੇ ਦੱਸਿਆ ਗਿਆ। ਉਹਨਾਂ ਦੱਸਿਆ ਇਹ ਪੰਜਾਬ ਦਾ ਪਹਿਲਾ ਵਾਟਰ ਸਪੋਰਟਸ ਸੈਂਟਰ ਹੈ ਜੋ ਪਿਛਲੇ 7 ਸਾਲਾਂ ਤੋਂ ਸਫਲਤਾਪੂਰਵਕ ਚੱਲ ਰਿਹਾ ਹੈ ਜਿਸ ਵਿੱਚ ਕਿਯਾਕਿੰਗ ਕਨੋਇੰਗ, ਰੋਇੰਗ, ਡਰੈਗਨ ਬੋਟ ਆਦਿ ਖੇਡਾਂ ਕਰਵਾਈਆਂ ਜਾਂਦੀਆ ਹਨ। ਇਸ ਸਂੈਟਰ ਦੇ ਖਿਡਾਰੀ ਸਟੇਟ ਚੈਪੀਅਨਸ਼ਿਪ, ਨੈਸ਼ਨਲ ਚੈਪੀਅਨਸ਼ਿਪ, ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਪੀਅਨਸ਼ਿਪ ਅਤੇ ਏਸ਼ੀਅਨ ਚੈਪੀਅਨਸ਼ਿਪ ਆਦਿ ਵਿਚੋਂ ਮੈਡਲ ਪ੍ਰਾਪਤ ਕਰ ਚੁੱਕੇ ਹਨ। ਇਸ ਸੈਂਟਰ ਤੋਂ ਖਿਡਾਰੀ ਆਪਣੀ ਖੇਡ ਦਾ ਅਭਿਆਸ ਕਰਕੇ ਵੱਖ-ਵੱਖ ਮਹਿਕਮਿਆਂ ਵਿੱਚ ਰੋਜ਼ਗਾਰ ਵੀ ਪ੍ਰਾਪਤ ਕਰ ਚੁੱਕੇ ਹਨ। ਸੰਤ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਸਪੋਰਟਸ ਸੈਂਟਰ ਨੂੰ ਤੇ ਪਵਿੱਤਰ ਵੇਈਂ ਕਿਨਾਰੇ ਦੇ ਵਾਤਾਵਰਣ ਨੂੰ ਦੇਖਦਿਆਂ ਬ੍ਰਿਗੇਡੀਅਰ ਆਈ.ਐਸ. ਭੱਲਾ ਨੇ ਕਿਹਾ ਕਿ ਆਰਮੀ ਅਤੇ ਨੇਵੀ ਐਨ.ਸੀ.ਸੀ ਕੈਂਪਾਂ ਦਾ ਆਯੋਜਨ ਲਈ ਇਹ ਅਸਥਾਨ ਬਹੁਤ ਹੀ ਵਧੀਆ ਸਥਾਨ ਹੈ।