ਅਕਸ਼ੈ ਕੁਮਾਰ ਨੇ ਗੁਰਮੀਤ ਬਾਵਾ ਦੇ ਪਰਿਵਾਰ ਦੀ 25 ਲੱਖ ਰੁਪਏ ਦੀ ਕੀਤੀ ਮਦਦ 

ਅੰਮ੍ਰਿਤਸਰ, 6 ਜੂਨ 2024 : ਅਕਸ਼ੈ ਕੁਮਾਰ ਨੇ ਪੰਜਾਬੀ ਲੋਕ ਗਾਇਕ ਅਤੇ ਸਭ ਤੋਂ ਲੰਬੀ ਹੇਕ ਦੇ ਮਾਲਕ ਮਰਹੂਮ ਪਦਮ-ਭੂਸ਼ਣ ਪ੍ਰਾਪਤ ਕਰਨ ਵਾਲੇ ਗੁਰਮੀਤ ਬਾਵਾ ਦੇ ਪਰਿਵਾਰ ਲਈ ਮਦਦ ਦਾ ਹੱਥ ਵਧਾਇਆ ਹੈ। ਅਕਸ਼ੈ ਕੁਮਾਰ ਨੇ ਗੁਪਤ ਤਰੀਕੇ ਨਾਲ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਦੇ ਖਾਤੇ ‘ਚ 25 ਲੱਖ ਰੁਪਏ ਟਰਾਂਸਫਰ ਕੀਤੇ ਹਨ। ਇਹ ਮਦਦ ਗਲੋਰੀ ਬਾਵਾ ਦੇ ਪਰਿਵਾਰ ਤੱਕ ਉਨ੍ਹਾਂ ਦੀ ਹਾਲਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹੁੰਚੀ ਹੈ। ਅਦਾਕਾਰ ਅਕਸ਼ੇ ਕੁਮਾਰ ਵੱਲੋਂ ਵੀ 25 ਲੱਖ ਰੁਪਏ ਦੀ ਮਦਦ ਗੁਰਮੀਤ ਬਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਕੀਤੀ ਗਈ ਹੈ ਇਹ ਖੁਦ ਪ੍ਰਗਟਾਵਾ ਗੁਰਮੀਤ ਬਾਵਾ ਦੀ ਸਪੁੱਤਰੀ ਗਲੋਰੀ ਬਾਬਾ ਵੱਲੋਂ ਕੀਤੀ ਗਈ ਅਤੇ ਉਨਾਂ ਵੱਲੋਂ ਅਕਸ਼ੇ ਕੁਮਾਰ ਦਾ ਧੰਨਵਾਦ ਵੀ ਕੀਤਾ ਗਿਆ। ਮਰਹੂਮ ਗੁਰਮੀਤ ਬਾਵਾ ਅਤੇ ਲਾਚੀ ਬਾਵਾ ਦੀ ਸੰਗਤ ਛੱਡਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਗਲੋਰੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗਲੋਰੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਆਪਣੀ ਭੈਣ ਲਾਚੀ ਬਾਵਾ ਦੇ ਬੱਚਿਆਂ ਦੀ ਦੇਖਭਾਲ ਵੀ ਕਰ ਰਹੀ ਸੀ। ਪਰ ਉਸਦੀ ਭੈਣ ਦੇ ਚਲੇ ਜਾਣ ਤੋਂ ਬਾਅਦ ਉਹ ਸ਼ੋਅ ਨਹੀਂ ਕਰ ਸਕੀ ਅਤੇ ਪਰਿਵਾਰ ਦੀ ਆਰਥਿਕ ਹਾਲਤ ਵਿਗੜ ਗਈ। ਜਿਸ ਤੋਂ ਬਾਅਦ ਗਲੋਰੀ ਬਾਵਾ ਨੇ ਭਾਰਤ ਛੱਡ ਕੇ ਵਿਦੇਸ਼ ਜਾਣ ਦਾ ਐਲਾਨ ਕੀਤਾ ਸੀ ਪਰ ਇਸ ਦੌਰਾਨ ਪਹਿਲਾਂ ਡੀਸੀ ਅੰਮ੍ਰਿਤਸਰ ਅਤੇ ਮੰਤਰੀ ਕੁਲਦੀਪ ਧਾਲੀਵਾਲ ਨੇ ਗਲੋਰੀ ਬਾਵਾ ਨੂੰ 1-1 ਲੱਖ ਰੁਪਏ ਦੇ ਚੈੱਕ ਦਿੱਤੇ। ਇਸ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਨੇ ਉਨ੍ਹਾਂ ਨੂੰ ਮਦਦ ਲਈ 25 ਲੱਖ ਰੁਪਏ ਭੇਜੇ ਹਨ। ਗਲੋਰੀ ਬਾਵਾ ਨੇ ਦੱਸਿਆ ਕਿ ਉਸ ਨੂੰ ਬੈਂਕ ਦੇ ਮੈਨੇਜਰ ਦਾ ਫੋਨ ਆਇਆ, ਜਿਸ ਤੋਂ ਬਾਅਦ ਉਸ ਨੂੰ ਇਸ ਬਾਰੇ ਪਤਾ ਲੱਗਾ। ਬੈਂਕ ਮੈਨੇਜਰ ਨੇ ਦੱਸਿਆ ਕਿ ਇੱਕ ਅਕਸ਼ੈ ਕੁਮਾਰ ਭਾਟੀਆ ਨੇ ਉਸ ਦੇ ਬੈਂਕ ਖਾਤੇ ਵਿੱਚ 25 ਲੱਖ ਰੁਪਏ ਟਰਾਂਸਫਰ ਕੀਤੇ ਹਨ। ਉਹ ਇਸ ਗੱਲ ਤੋਂ ਵੀ ਹੈਰਾਨ ਹੈ ਕਿ ਅੱਜ ਤੱਕ ਉਹ ਨਾ ਤਾਂ ਅਕਸ਼ੈ ਕੁਮਾਰ ਨੂੰ ਮਿਲੀ ਹੈ ਅਤੇ ਨਾ ਹੀ ਉਸ ਨਾਲ ਗੱਲ ਹੋਈ ਹੈ।