
ਸਰੀ, 29 ਜਨਵਰੀ 2025 : ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਪੰਜਾਬ ਦੇ ਦੋ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਸੁਨਾਮ ਦੇ ਪਿੰਡ ਚੱਠਾ ਸੇਖਵਾਂ ਤੇ ਦੂਜਾ ਮਖੂ ਨੇੜਲੇ ਮੋਹਕਮ ਅਰਾਈਆਂ ਵਾਲਾ ਨਾਲ ਸਬੰਧਤ ਸਨ। ਮੌਤ ਦੀ ਖ਼ਬਰ ਨਾਲ ਨੌਜਵਾਨਾਂ ਦੇ ਪਿੰਡਾਂ ਵਿੱਚ ਸੋਗ ਹੈ। ਨੌਜਵਾਨਾਂ ਦੇ ਮਾਪਿਆਂ ਨੇ ਸਰਕਾਰ ਤੋਂ ਮ੍ਰਿਤਕ ਦੇਹਾਂ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਪਰਿਵਾਰ ਆਪਣੇ ਪੁੱਤਰਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ। ਜਾਣਕਾਰੀ ਮੁਤਾਬਕ ਸੁਨਾਮ ਨੇੜਲੇ ਪਿੰਡ ਚੱਠਾ ਸੇਖਵਾਂ ਦੇ ਨੌਜਵਾਨ ਪਵਨਦੀਪ ਸਿੰਘ ਦੀ ਕੈਨੇਡਾ ਦੇ ਸ਼ਹਿਰ ਸਰੀ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਆਰਥਿਕ ਤੰਗੀ ਨਾਲ ਜੂਝ ਰਹੇ ਸਧਾਰਨ ਪਰਿਵਾਰ ਦਾ ਨੌਜਵਾਨ ਪਵਨਦੀਪ ਸਿੰਘ ਪੁੱਤਰ ਹਮੀਰ ਸਿੰਘ ਡੇਢ ਸਾਲ ਪਹਿਲਾਂ ਸਾਕ-ਸਬੰਧੀਆਂ ਦੀ ਮਦਦ ਨਾਲ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਪਵਨਦੀਪ ਸਿੰਘ ਕੈਨੇਡਾ ਦੇ ਸਰੀ ਸ਼ਹਿਰ ’ਚ ਰਹਿ ਰਿਹਾ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੇ ਪਿੱਛੇ ਪਰਿਵਾਰ ’ਚ ਵਿਧਵਾ ਮਾਂ ਬਲਵਿੰਦਰ ਕੌਰ ਤੇ ਭਰਾ ਮੱਖਣ ਸਿੰਘ ਹਨ। ਦੂਜੇ ਮਾਮਲੇ ’ਚ ਬਲਾਕ ਮੱਖੂ ਦੇ ਪਿੰਡ ਮੋਹਕਮ ਅਰਾਈਆਂ ਵਾਲੇ ਦੇ ਨੌਜਵਾਨ ਜਸਬੀਰ ਸਿੰਘ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਸਬੀਰ ਸਿੰਘ (30) ਪੁੱਤਰ ਲਖਵਿੰਦਰ ਸਿੰਘ ਰੋਜ਼ੀ-ਰੋਟੀ ਦੀ ਭਾਲ ’ਚ ਲਗਪਗ ਨੌ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਜਸਬੀਰ ਦੇ ਪਰਿਵਾਰ ’ਚ ਪਤਨੀ, ਤਿੰਨ ਸਾਲ ਦਾ ਬੇਟਾ ਤੇ ਬਜ਼ੁਰਗ ਮਾਂ-ਪਿਓ ਹਨ।