ਪ੍ਰੋ ਗੁਰਭਜਨ ਸਿੰਘ ਗਿੱਲ ਨੂੰ ਨੰਦ ਲਾਲ ਨੂਰਪੁਰੀ ਅਵਾਰਡ ਮਿਲਣ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਖੁਸ਼ੀ ਦਾ ਪ੍ਰਗਟਾਵਾ

ਇਟਲੀ : ਪੰਜਾਬੀ ਦੇ ਪ੍ਰਸਿੱਧ ਕਵੀ ਤੇ ਗੀਤਕਾਰ ਪ੍ਰੋ ਗੁਰਭਜਨ ਗਿੱਲ ਚੈਅਰਮੈਨ ਪੰਜਾਬੀ ਲੋਕ ਅਕਾਦਮੀ ਲੁਧਿਆਣਾ ਨੂੰ ਲੋਕ ਮੰਚ ਪੰਜਾਬ ਵੱਲੋਂ ਸਾਲ 2022 ਦਾ ਨੰਦ ਲਾਲ ਨੂਰਪੁਰੀ ਪੁਰਸਕਾਰ ਮਿਲਣ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਯੂਰਪੀ ਪੰਜਾਬੀ ਲੇਖਕ ਭਾਈਚਾਰੇ  ਵੱਲੋਂ ਜਿੱਥੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰੋ ਗੁਰਭਜਨ ਸਿੰਘ ਗਿੱਲ ਨੂੰ ਮੁਬਾਰਕਾਂ ਵੀ ਦਿੱਤੀਆਂ ਗਈਆਂ ਹਨ। ਜਿ਼ਕਰਯੋਗ ਹੈ ਕਿ ਪ੍ਰੋ ਗੁਰਭਜਨ ਸਿੰਘ ਗਿੱਲ 16 ਕਾਵਿ/ਗਜ਼ਲ ਤੇ ਦੋ ਗੀਤ ਸੰਗ੍ਰਹਿ ਫੁੱਲਾਂ ਦੀ ਝਾਂਜਰ ਤੇ ਪਿੱਪਲ ਪੱਤੀਆਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਉਹਨਾਂ ਦੇ ਤਿੰਨ ਕਾਵਿ ਸੰਗ੍ਰਹਿ ਖ਼ੈਰ ਪੰਜਾਂ ਪਾਣੀਆਂ ਦੀ , ਰਾਵੀ ਤੇ ਸੁਰਤਾਲ ਸ਼ਾਹਮੁਖੀ ਵਿੱਚ ਪਾਕਿਸਤਾਨ ਵੀ ਛਪ ਚੁੱਕੇ ਹਨ ,ਇਸਤੋਂ ਇਲਾਵਾ ਸੈਂਕੜੇ ਕਿਤਾਬਾਂ ਦੇ ਮੁਖਬੰਦ ਅਤੇ ਵੱਖ ਵੱਖ ਵਿਸ਼ਿਆਂ ਤੇ ਉਨਾ ਦੇ ਲੇਖ ਕਾਬਲੇ ਤਾਰੀਫ਼ ਹਨ। ਪੰਜਾਬੀ ਸਾਹਿਤ ਵਿਚ ਉੱਚਾ ਮੁਕਾਮ ਰੱਖਣ ਵਾਲੇ ਪ੍ਰੋ ਗੁਰਭਜਨ ਗਿੱਲ  ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਹ ਹੋਰ ਕਈ ਵਿਸ਼ਵ ਪੱਧਰ ਦੀਆ ਸੰਸਥਾਵਾਂ ਨਾਲ ਜੁੜੇ ਹੋਏ ਹਨ। ਪ੍ਰੋ ਗੁਰਭਜਨ ਗਿੱਲ ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਹਿੱਤ ਲਗਾਤਾਰ ਕਾਰਜਸ਼ੀਲ ਹਨ। ਜਿਸ ਤਹਿਤ ਉਹ ਨਵੇਂ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਦਾ ਉਤਸ਼ਾਹਿਤ ਕਰਦੇ ਰਹਿੰਦੇ ਹਨ। ਉਹਨਾਂ ਦੀ ਖਾਸੀਅਤ ਹੈ ਕਿ ਉਹ ਨਵੀਂ ਪੀੜੀ ਨੂੰ ਲੈ ਕੇ ਸਦਾ ਆਸਵੰਦ ਰਹਿੰਦੇ ਹਨ ਅਤੇ ਉਹਨਾਂ ਕੋਲੋਂ ਬਹੁਤ ਸਾਰੇ ਅਹਿਮ ਤੇ ਨਿਵੇਕਲੇ ਕਾਰਜ ਸਹਿਜ ਨਾਲ ਕਰਵਾ ਲੈਂਦੇ ਹਨ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕੇ ਪ੍ਰੋ ਗੁਰਭਜਨ ਸਿੰਘ ਗਿੱਲ ਨੂੰ ਨੰਦ ਨਾਲ ਨੂਰਪੁਰੀ ਸਨਮਾਨ ਮਿਲਣਾ ਸਾਡੇ ਸਭ ਲਈ ਖੁਸ਼ੀ ਦੀ ਖਬਰ ਹੈ।