ਮਿਆਂਮਾਰ 'ਚ ਨੌਕਰੀ ਦੇ ਫਰਜ਼ੀ ਰੈਕੇਟ 'ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ

ਨਵੀਂ ਦਿੱਲੀ : ਮਿਆਂਮਾਰ 'ਚ ਨੌਕਰੀ ਦੇ ਫਰਜ਼ੀ ਰੈਕੇਟ 'ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਦਿੱਤੀ। ਅਰਿੰਦਮ ਨੇ ਟਵਿੱਟਰ 'ਤੇ ਮਿਆਂਮਾਰ ਅਤੇ ਥਾਈਲੈਂਡ 'ਚ ਭਾਰਤੀ ਦੂਤਘਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ 32 ਭਾਰਤੀਆਂ ਨੂੰ ਬਚਾਉਣ ਤੋਂ ਬਾਅਦ ਅੱਜ 13 ਹੋਰ ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਤਾਮਿਲਨਾਡੂ ਪਹੁੰਚ ਗਏ ਹਨ। ਅਰਿੰਦਮ ਨੇ ਇਹ ਵੀ ਕਿਹਾ ਕਿ ਕੁਝ ਹੋਰ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਫਰਜ਼ੀ ਮਾਲਕਾਂ ਤੋਂ ਰਿਹਾਅ ਕਰਵਾ ਲਿਆ ਗਿਆ ਹੈ ਤੇ ਉਹ ਇਸ ਸਮੇਂ ਮਿਆਂਮਾਰ ਦੇ ਅਧਿਕਾਰੀਆਂ ਦੀ ਹਿਰਾਸਤ 'ਚ ਹਨ। ਉਨ੍ਹਾਂ ਦੀ ਵਾਪਸੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਸਾਰੇ 45 ਭਾਰਤੀ ਆਈਟੀ ਪੇਸ਼ੇ ਤੋਂ ਹਨ ਤੇ ਉਨ੍ਹਾਂ ਦਾ ਇਸਤੇਮਾਲ ਸਾਈਬਰ ਅਪਰਾਧ ਲਈ ਕੀਤਾ ਜਾਂਦਾ ਸੀ। ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਫਸਾਇਆ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ 45 ਭਾਰਤੀਆਂ ਨੂੰ ਬਚਾਇਆ ਗਿਆ ਹੈ। 23 ਸਤੰਬਰ ਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਿਆਂਮਾਰ ਵਿੱਚ ਨੌਕਰੀਆਂ ਦੇ ਬਹਾਨੇ ਲੋਕਾਂ ਨੂੰ ਭਰਮਾਉਣ ਵਾਲੀਆਂ ਚਾਰ ਕੰਪਨੀਆਂ ਦੀ ਪਛਾਣ ਕੀਤੀ ਗਈ ਹੈ। ਪਹਿਲਾਂ, ਵਿਦੇਸ਼ ਮੰਤਰਾਲੇ ਦੁਆਰਾ 32 ਆਈਟੀ ਕਰਮਚਾਰੀਆਂ ਨੂੰ ਬਚਾਇਆ ਗਿਆ ਸੀ ਅਤੇ ਹੁਣ 13 ਹੋਰ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਮਿਆਂਮਾਰ 'ਚ ਫਸੇ ਲੋਕਾਂ ਦੀ ਗਿਣਤੀ 100 ਤੋਂ 150 ਤਕ ਹੋ ਸਕਦੀ ਹੈ।ਲਾਓਸ ਅਤੇ ਕੰਬੋਡੀਆ ਵਿੱਚ ਵੀ ਇਸੇ ਤਰ੍ਹਾਂ ਦੇ ਜੌਬ ਰੈਕੇਟ ਦੀ ਰਿਪੋਰਟ ਕੀਤੀ ਗਈ ਹੈ। ਵਿਏਨਟਿਏਨ, ਫਨੋਮ ਪੇਨ ਅਤੇ ਬੈਂਕਾਕ ਵਿੱਚ ਸਥਿਤ ਭਾਰਤੀ ਦੂਤਾਵਾਸ ਉਥੋਂ ਲੋਕਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰ ਰਹੇ ਹਨ। ਕੰਬੋਡੀਆ ਵਿੱਚ ਭਾਰਤ ਨੇ ਟਵੀਟ ਕੀਤਾ, "ਕੰਬੋਡੀਆ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਵਿੱਚ ਸਹਿਯੋਗ ਲਈ ਸਾਰੀਆਂ ਏਜੰਸੀਆਂ ਦਾ ਦਿਲੋਂ ਧੰਨਵਾਦ।" ਅਰਿੰਦਮ ਨੇ ਲੋਕਾਂ ਨੂੰ ਵਿਦੇਸ਼ਾਂ ਤੋਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਧਿਆਨ ਨਾਲ ਚੈੱਕ ਕਰਨ ਲਈ ਕਿਹਾ। ਅੱਗੇ ਅਰਿੰਦਮ ਨੇ ਅਜਿਹੀਆਂ ਨੌਕਰੀਆਂ ਵਿਰੁੱਧ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ।