ਬਾਬਾ ਫਰੀਦ ਆਗਮਨ ਪੁਰਬ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਵਿਖੇ ਹੋਇਆ ਸ਼ਾਨਦਾਰ ਕਵੀ ਦਰਬਾਰ


ਸਰੀ :  ਬਾਬਾ ਫਰੀਦ ਸੋਸਾਇਟੀ ਸਰੀ ਵੱਲੋਂ ਬਾਬਾ ਫਰੀਦ ਆਗਮਨ ਪੁਰਬ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਵਿਖੇ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਰੇਡੀਓ ਹੋਸਟ ਗੁਰਬਾਜ਼ ਸਿੰਘ ਬਰਾੜ ਨੇ ਬਾਬਾ ਫਰੀਦ ਦੇ ਜੀਵਨ ਅਤੇ ਬਾਣੀ ਉਪਰ ਚਾਨਣਾ ਪਾਉੱਦਿਆਂ ਕਿਹਾ ਕਿ ਛੋਟੀ ਉਮਰ ਵਿਚ ਸ਼ੇਖ ਫਰੀਦ ਜੀ ਦੇ ਪਿਤਾ ਸੁਰਗਵਾਸ ਹੋ ਗਏ ਸਨ ਅਤੇ ਉਨ੍ਹਾਂ ਦੀ ਮਾਤਾ ਮਰੀਅਮ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ। ਸ਼ੇਖ ਫਰੀਦ ਅੱਠ ਸਾਲ ਦੀ ਉਮਰ ਵਿਚ ਹਾਫਿਜ਼ ਹੋ ਗਏ ਸਨ। ਉਹ ਪੰਜਾਬੀ ਦੇ ਪਹਿਲੇ ਪ੍ਰਮਾਣਿਤ ਕਵੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਚਾਰ ਸ਼ਬਦ ਅਤੇ 132 ਸ਼ਲੋਕ ਸ੍ਰੀ ਗੁਰੂ ਗਰੰਥ ਵਿਚ ਦਰਜ ਹਨ। ਉਨ੍ਹਾਂ ਨੇ ਆਪਣੀ ਸਮੁੱਚੀ ਬਾਣੀ ਰਾਹੀਂ ਮਨੁੱਖ ਨੂੰ ਨਿਮਰਤਾ ਨਾਲ ਸਾਦਾ ਜੀਵਨ ਬਿਤਾਉਣ, ਰੱਬ ਨਾਲ ਜੁੜਣ, ਹਰ ਇਕ ਦਾ ਭਲਾ ਮਨਾਉਣ, ਜੀਵਨ ਦੀ ਨਾਸ਼ਮਾਨਤਾ ਨੂੰ ਯਾਦ ਰੱਖਣ ਦੀ ਪ੍ਰੇਰਨਾ ਦਿੱਤੀ ਅਤੇ ਰੁੱਖਾਂ ਵਾਂਗ ਹਰ ਦੁੱਖ ਸੁੱਖ ਸਹਿਣ ਕਰਨ ਲਈ ਉਤਸ਼ਾਹਿਤ ਕੀਤਾ।ਕਵੀ ਦਰਬਾਰ ਦਾ ਸੰਚਾਲਨ ਕਰਦਿਆਂ ਅੰਗਰੇਜ਼ ਸਿੰਘ ਬਰਾੜ ਨੇ ਹਾਜਰ ਸੰਗਤਾਂ ਅਤੇ ਕਵੀਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸੰਗਤਾਂ ਅਤੇ ਕਵੀਆਂ ਦੇ ਸਹਿਯੋਗ ਸਦਕਾ ਅੱਜ ਅਸੀਂ 24ਵਾਂ ਕਵੀ ਦਰਬਾਰ ਕਰਵਾ ਰਹੇ ਹਾ। ਉੱਘੇ ਢਾਡੀ ਅਤੇ ਕਵੀਸ਼ਰ ਚਮਕੌਰ ਸਿੰਘ ਸੇਖੋਂ ਅਤੇ ਨਵਦੀਪ ਗਿੱਲ ਨੇ ਬਾਬਾ ਫਰੀਦ ਦੀ ਬਾਣੀ ਤੇ ਆਧਾਰਤ ਕਵੀਸ਼ਰੀ ਸੁਣਾ ਕੇ ਕਾਵਿਕ ਮਾਹੌਲ ਸਿਰਜਿਆ। ਉਪਰੰਤ ਉਸਤਾਦ ਸ਼ਾਇਰ ਗੁਰਦਰਸ਼ਨ ਬਾਦਲ, ਮੋਹਨ ਗਿੱਲ, ਹਰਦਮ ਮਾਨ, ਡਾ. ਹਰਿੰਦਰ ਕੌਰ, ਲਾਲ ਪਧਿਆਣਵੀ, ਸਤੀਸ਼ ਗੁਲਾਟੀ, ਰਾਜਵੰਤ ਰਾਜ, ਬਲਬੀਰ ਸੰਘਾ, ਦਰਸ਼ਨ ਸੰਘਾ, ਜਸਪ੍ਰੀਤ ਕੌਰ ਨੇ ਬਾਬਾ ਫਰੀਦ ਨੂੰ ਸਮੱਰਪਿਤ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ, ਧਾਰਮਿਕ ਅਤੇ ਸਮਾਜਿਕ ਰੰਗ ਵਿਚ ਰੰਗੀਆਂ ਕਵਿਤਾਵਾਂ, ਗੀਤਾਂ, ਦੋਹਿਆਂ ਰਾਹੀਂ ਆਪਣੀ ਹਾਜਰੀ ਲੁਆਈ। ਵੱਡੀ ਗਿਣਤੀ ਵਿਚ ਸੰਗਤ ਨੇ ਇਸ ਕਵੀ ਦਰਬਾਰ ਦਾ ਆਨੰਦ ਮਾਣਿਆ। ਅੰਤ ਵਿਚ ਦਰਸ਼ਨ ਸੰਘਾ ਨੇ ਬਾਬਾ ਫਰੀਦ ਸੋਸਾਇਟੀ ਸਰੀ ਵੱਲੋਂ ਸਾਰੇ ਕਵੀ ਸਾਹਿਬਾਨ ਅਤੇ ਕਵੀ ਦਰਬਾਰ ਦਾ ਆਨੰਦ ਮਾਣ ਰਹੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਉਮੀਦ ਜ਼ਾਹਰ ਕੀਤੀ। ਬਾਬਾ ਫਰੀਦ ਸੋਸਾਇਟੀ ਸਰੀ ਵੱਲੋਂ ਸਾਰੇ ਕਵੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।