ਕੈਨੇਡਾ : ਡੇਵਿਡ ਈਬੀ ਨੇ ਅੱਜ ਵੈਨਕੂਵਰ ਵਿਖੇ ਮਸਕੀਮ ਕਮਿਊਨਿਟੀ ਸੈਂਟਰ ਦੇ ਜਿਮਨੇਜ਼ੀਅਮ ਵਿਚ ਬੀ.ਸੀ. ਦੇ ਪ੍ਰੀਮੀਅਰ ਵਜੋਂ ਹਲਫ਼ ਲਿਆ। ਫਸਟ ਨੇਸ਼ਨ ਦੀ ਅਗਵਾਈ ਵਾਲੇ ਇਸ ਸਮਾਰੋਹ ਵਿੱਚ ਉਨ੍ਹਾਂ ਨੂੰ ਬੀਸੀ ਦੇ ਲੈਫਟੀਨੈਂਟ ਜਨਰਲ ਜੈਨੇਟ ਆਸਟਿਨ ਨੇ ਸਹੁੰ ਚੁਕਾਈ। ਬੀਸੀ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪ੍ਰੀਮੀਅਰ ਦੇ ਸਹੁੰ ਚੁੱਕ ਸਮਾਗਮ ਦੀ ਮੇਜ਼ਬਾਨੀ ਫਸਟ ਨੇਸ਼ਨ ਵੱਲੋਂ ਕੀਤੀ ਗਈ। ਇਸ ਸਮਾਗਮ ਵਿਚ ਪ੍ਰੀਮੀਅਰ ਦਾ ਅਹੁਦਾ ਛੱਡ ਰਹੇ ਜੌਨ ਹੌਰਗਨ ਵੀ ਹਾਜ਼ਰ ਸਨ ਅਤੇ ਉਨ੍ਹਾਂ ਇਸ ਮੌਕੇ ਡੇਵਿਡ ਈਬੀ ਨੂੰ ਮੁਬਾਰਕਬਾਦ ਦਿੱਤੀ। ਡੇਵਿਡ ਈਬੀ ਨੇ ਵੀ ਆਪਣੇ ਸੰਬੋਧਨ ਦੌਰਾਨ ਜੌਨ ਹੌਰਗਨ ਪ੍ਰਤੀ ਆਪਣਾ ਸਤਿਕਾਰ ਪੇਸ਼ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਸਹੁੰ ਚੁੱਕਣ ਉਪਰੰਤ ਬੀਸੀ ਦੇ 37ਵੇਂ ਪ੍ਰੀਮੀਅਰ ਬਣੇ ਡੇਵਿਡ ਈਬੀ ਨੇ ਲੋਕ ਸਮੱਸਿਆਵਾਂ ਦੇ ਹੱਲ ਪ੍ਰਤੀ ਆਪਣੀ ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ ਬੀਸੀ ਵਾਸੀਆਂ ਨੂੰ ਦੋ ਟੈਕਸ ਕ੍ਰੈਡਿਟ ਦੇਣ ਦਾ ਐਲਾਨ ਕੀਤਾ ਤਾਂ ਜੋ ਮਹਿੰਗਾਈ ਦੇ ਇਸ ਦੌਰ ‘ਚੋਂ ਗੁਜ਼ਰ ਰਹੇ ਆਮ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਦਸੰਬਰ ਦੇ ਹਾਈਡਰੋ ਬਿੱਲ ਵਿਚ ਇੱਕ ਵਾਰੀ 100 ਡਾਲਰ ਦੀ ਲਿਵਿੰਗ ਕ੍ਰੈਡਿਟ ਦੀ ਲਾਗਤ ਆਟੋਮੈਟਿਕ ਹੀ ਲਾਗੂ ਹੋ ਜਾਵੇਗੀ। ਦੂਜਾ ਕ੍ਰੈਡਿਟ 150,051 ਡਾਲਰ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਅਫੋਰਡਬਿਲਿਟੀ ਕ੍ਰੈਡਿਟ ਹੋਵੇਗਾ ਜੋ ਕੈਨੇਡਾ ਰੈਵੇਨਿਊ ਏਜੰਸੀ ਦੁਆਰਾ ਜਾਰੀ ਕੀਤਾ ਜਾਵੇਗਾ ਅਤੇ ਇਸ ਦਾ ਭੁਗਤਾਨ ਜਨਵਰੀ ਦੇ ਸ਼ੁਰੂ ਵਿੱਚ ਕੀਤਾ ਜਾਵੇਗਾ।